
ਉੱਤਰਾਖੰਡ STF ਅਤੇ ਹਰਿਦੁਆਰ ਪੁਲਿਸ ਵਲੋਂ ਭਾਲ ਜਾਰੀ
Baba Tarsem Singh's murder: ਨਾਨਕਮੱਤਾ ਗੁਰਦੁਆਰੇ ਦੇ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਵਾਲੇ ਅਮਰਜੀਤ ਸਿੰਘ ਨੂੰ ਉੱਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਨੇ ਭਗਵਾਨਪੁਰ ਥਾਣਾ ਖੇਤਰ ਵਿਚ ਇਕ ਮੁਕਾਬਲੇ ਵਿਚ ਮਾਰ ਦਿਤਾ ਹੈ। ਮੁਲਜ਼ਮ ਦਾ ਦੂਜਾ ਸਾਥੀ ਫਰਾਰ ਹੋ ਗਿਆ ਹੈ ਅਤੇ ਐਸਟੀਐਫ ਅਤੇ ਪੁਲਿਸ ਉਸ ਦੀ ਭਾਲ ਵਿਚ ਜੁਟੀ ਹੋਈ ਹੈ। 28 ਮਾਰਚ ਦੀ ਸਵੇਰ ਨੂੰ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਨੂੰ ਨਾਨਕਮੱਤਾ ਵਿਖੇ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ।
ਉੱਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਅਭਿਨਵ ਕੁਮਾਰ ਨੇ ਦਸਿਆ ਕਿ 1 ਲੱਖ ਰੁਪਏ ਦਾ ਇਨਾਮੀ ਮੁਲਜ਼ਮ ਅਮਰਜੀਤ ਸਿੰਘ ਉਰਫ਼ ਬਿੱਟੂ ਮਾਰਿਆ ਗਿਆ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਐਸਟੀਐਫ ਅਤੇ ਪੁਲਿਸ ਦੋਵੇਂ ਕਾਤਲਾਂ ਦੀ ਲਗਾਤਾਰ ਭਾਲ ਕਰ ਰਹੇ ਸਨ। ਜੇਕਰ ਉੱਤਰਾਖੰਡ ਵਿਚ ਅਜਿਹੇ ਘਿਨਾਉਣੇ ਅਪਰਾਧ ਹੁੰਦੇ ਹਨ ਤਾਂ ਪੁਲਿਸ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠੇਗੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਊਧਮ ਸਿੰਘ ਨਗਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਨੇ ਦੋ ਫਰਾਰ ਮੁੱਖ ਮੁਲਜ਼ਮਾਂ ਅਮਰਜੀਤ ਸਿੰਘ ਅਤੇ ਸਰਬਜੀਤ ਸਿੰਘ 'ਤੇ ਇਨਾਮ ਦੀ ਰਕਮ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਯੂਪੀ ਅਤੇ ਦੋ ਉੱਤਰਾਖੰਡ ਦੇ ਬਾਜਪੁਰ ਇਲਾਕੇ ਦੇ ਹਨ। ਬਾਜਪੁਰ ਦੇ ਮੁਲਜ਼ਮਾਂ ਨੇ ਮੁਲਜ਼ਮਾਂ ਨੂੰ ਰਾਈਫਲਾਂ ਮੁਹੱਈਆ ਕਰਵਾਈਆਂ ਸਨ।
ਐਤਵਾਰ ਨੂੰ ਨਾਨਕਮੱਤਾ ਥਾਣੇ ਦੇ ਐਸਐਸਪੀ ਡਾਕਟਰ ਮੰਜੂਨਾਥ ਟੀਸੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਬਾਬਾ ਤਰਸੇਮ ਸਿੰਘ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਪਰਗਟ ਸਿੰਘ, ਵਾਸੀ ਤੁਲਾਪੁਰ, ਬਿਲਸੰਡਾ, ਪੀਲੀਭੀਤ ਨੂੰ ਸ਼ਨੀਵਾਰ ਦੇਰ ਰਾਤ ਮੇਲਾਘਾਟ ਰੋਡ, ਝਨਕਈਆ, ਖਟੀਮਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਸਪਾਲ ਸਿੰਘ ਭੱਟੀ, ਵਾਸੀ ਕੇਸ਼ੋਵਾਲਾ ਮੋਡ, ਬਾਜਪੁਰ ਨੂੰ ਜੇਲ ਰੋਡ, ਰਾਮਪੁਰ, ਯੂ.ਪੀ. ਤੋਂ ਅਤੇ ਸੁਖਦੇਵ ਸਿੰਘ ਗਿੱਲ ਉਰਫ਼ ਸੋਨੂੰ ਗਿੱਲ, ਵਾਸੀ ਬੰਨਖੇੜਾ ਬਾਜਪੁਰ ਨੂੰ ਐਤਵਾਰ ਨੂੰ ਬਾਜਪੁਰ ਖੇਤਰ ਤੋਂ ਫੜਿਆ ਗਿਆ।
(For more Punjabi news apart from 'Bad parenting fee' at Georgia restaurant, stay tuned to Rozana Spokesman)