
ਹਵਾਈ ਫ਼ੌਜ ਨੇ ਕੀਤਾ ਇਨਾਮ ਦਾ ਐਲਾਨ
ਨਵੀਂ ਦਿੱਲੀ: ਹਵਾਈ ਫ਼ੌਜ ਨੇ ਲਾਪਤਾ ਏਐਨ-32 ਜਹਾਜ਼ ਦੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਹਵਾਈ ਫ਼ੌਜ ਦੇ ਲਾਪਤਾ ਏਐਨ-32 ਜਹਾਜ਼ ਦੀ ਖੋਜ ਵਿਚ ਲੱਗੀਆਂ ਵਿਭਿੰਨ ਏਜੰਸੀਆਂ ਦੇ ਯਤਨਾਂ ਦੇ ਬਾਵਜੂਦ ਹੁਣ ਤਕ ਕੋਈ ਸਫ਼ਲਤਾ ਹੱਥ ਨਹੀਂ ਲੱਗੀ ਹੈ। ਖਰਾਬ ਮੌਸਮ ਦੌਰਾਨ ਸ਼ਨੀਵਾਰ ਨੂੰ 6ਵੇਂ ਦਿਨ ਵੀ ਅਭਿਆਨ ਲਗਾਤਾਰ ਜਾਰੀ ਹੈ। ਜਹਾਜ਼ ਵਿਚ 13 ਲੋਕ ਸਵਾਰ ਸਨ।
AN-32
ਪੂਰਬੀ ਹਵਾਈ ਫ਼ੌਜ ਕਮਾਨ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਏਅਰ ਮਾਰਸ਼ਲ ਆਰਡੀ ਮਾਥੁਰ ਨੇ ਇਸ ਸਬੰਧੀ ਇਨਾਮ ਦਾ ਐਲਾਨ ਕੀਤਾ। ਹਵਾਈ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਲਾਪਤਾ ਜਹਾਜ਼ ਦੀ ਤਲਾਸ਼ ਜਾਰੀ ਹੈ ਅਤੇ ਏਅਰ ਮਾਰਸ਼ਲ ਆਰਡੀ ਮਾਥੂਰ, ਪੂਰਬੀ ਹਵਾਈ ਫ਼ੌਜ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਨੇ ਜਹਾਜ਼ ਦੇ ਬਾਰੇ ਜਾਣਕਾਰੀ ਦੇਣ ਵਾਲ ਨੂੰ ਪੰਜ ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
AN-32
ਜਹਾਜ਼ ਸਬੰਧਿਤ ਜਾਣਕਾਰੀ ਸਾਂਝੀ ਕਰਨ ਲਈ ਫੋਨ ਨੰਬਰ- 9436499477 / 9402077267 / 9402132477 ਹਨ। ਹਵਾਈ ਫ਼ੌਜ ਮੁੱਖੀ ਏਅਰ ਚੀਫ਼ ਮਾਰਸ਼ਲ ਬੀਐਮ ਧਨੋਆ ਨੇ ਸ਼ਨੀਵਾਰ ਨੂੰ ਜੋਰਹਾਟ ਦਾ ਦੌਰਾ ਕੀਤਾ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਦਸਿਆ ਕਿ ਧਨੋਆ ਨੂੰ ਅਭਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਸਥਿਤੀ ਤੋਂ ਸੁਚੇਤ ਵੀ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਉਹਨਾਂ ਨੇ ਉਹਨਾਂ ਅਧਿਕਾਰੀਆਂ ਅਤੇ ਹਵਾਈ ਫ਼ੌਜ ਦੇ ਉਹਨਾਂ ਕਰਮਚਾਰੀਆਂ ਦੇ ਪਰਵਾਰਾਂ ਨਾਲ ਮੁਲਾਕਾਤ ਵੀ ਕੀਤੀ ਜੋ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਵਿਚ ਸਵਾਰ ਸਨ। ਦਸ ਦਈਏ ਕਿ ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ-ਯੋਮਿ ਜ਼ਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗ੍ਰਾਉਂਡ ਲਈ ਸੋਮਵਾਰ ਨੂੰ 12 ਵਜੇ ਅਸਾਮ ਦੇ ਜੋਰਹਾਟ ਤੋਂ ਉਡਾਨ ਭਰੀ ਸੀ। ਜ਼ਮੀਨੀ ਨਿਯੰਤਰਣ ਨਾਲ ਜਹਾਜ਼ ਦਾ ਸੰਪਰਕ ਦੁਪਿਹਰ ਇਕ ਵਜੇ ਟੁੱਟ ਗਿਆ।
ਜ਼ਹਾਜ ਵਿਚ ਚਾਲਕ ਦਲ ਦੇ 8 ਮੈਂਬਰ ਅਤੇ ਪੰਜ ਯਾਤਰੀ ਸਵਾਰ ਸਨ। ਹਵਾਈ ਫ਼ੌਜ ਦੇ ਬੁਲਾਰੇ ਵਿੰਗ ਕਮਾਂਡਰ ਰਤਨਾਗਰ ਸਿੰਘ ਨੇ ਦਸਿਆ ਕਿ ਖੋਜ ਟੀਮ ਇਸਰੋ ਦੇ ਉਪਗ੍ਰਿਹਾਂ ਸਮੇਤ ਵਿਭਿੰਨ ਏਜੰਸੀਆਂ ਅਤੇ ਸੈਂਸਰ ਇਸ ਜਹਾਜ਼ ਦੀ ਭਾਲ ਵਿਚ ਲੱਗੇ ਹੋਏ ਹਨ। ਇਸ ਚਲਦੇ ਖੋਜੀਆਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਟੀਮ ਵੀ ਇਸ ਕੰਮ ਜੁਟੀ ਹੋਈ ਹੈ।