
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਚਾਰ ਅਤਿਵਾਦੀ ਮਾਰੇ ਗਏ
ਸ੍ਰੀਨਗਰ, 8 ਜੂਨ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਚਾਰ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦਖਣੀ ਕਸ਼ਮੀਰ ਵਿਚ ਪੈਂਦੇ ਸ਼ੋਪੀਆਂ ਦੇ ਪਿੰਜੋਰਾ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ। ਅਤਿਵਾਦੀਆਂ ਨੇ ਫ਼ੋਰਸ ਦੇ ਖੋਜੀ ਦਲ 'ਤੇ ਗੋਲੀਆਂ ਚਲਾ ਦਿਤੀਆਂ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਤਲਾਸ਼ੀ ਮੁਹਿੰਮ ਮੁਕਾਬਲੇ ਵਿਚ ਬਦਲ ਗਈ।
ਬੀਤੇ 24 ਘੰਟਿਆਂ ਵਿਚ ਕੁਲ ਨੌਂ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਹੈ। ਜੰਮੂ ਕਸ਼ਮੀਰ ਪੁਲਿਸ, ਸੀਆਰਪੀਐਫ਼ ਅਤੇ ਫ਼ੌਜ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਲੈਫ਼ਟੀਨੈਂਟ ਜਨਰਲ ਬੀ ਐਸ ਰਾਜੂ ਨੇ ਕਿਹਾ ਕਿ ਇਹ ਮੁਹਿੰਮ ਸੁਚਾਰੂ ਢੰਗ ਨਾਲ ਚਲਾਈ ਗਈ ਅਤੇ ਇਸ ਦੌਰਾਨ ਨਾਗਰਿਕ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਇਆ।
File Photo
ਅਧਿਕਾਰੀਆਂ ਮੁਤਾਬਕ ਮੁਕਾਬਲੇ ਵਿਚ ਚਾਰ ਅਤਿਵਾਦੀ ਮਾਰੇ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਅਤਿਵਾਦੀ ਜਥੇਬੰਦੀਆਂ ਨਾਲ ਜੁੜਨ ਤੋਂ ਰੋਕਣ ਦੀ ਨਵੀਂ ਨੀਤੀ ਤਹਿਤ ਅਜਿਹਾ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਸ਼ੋਪੀਆਂ ਜ਼ਿਲ੍ਹੇ ਵਿਚ ਇਹ ਦੂਜਾ ਮੁਕਾਬਲਾ ਹੈ। ਜ਼ਿਲ੍ਹੇ ਦੇ ਰੇਬਨ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਐਤਵਾਰ ਨੂੰ ਹੋਏ ਮੁਕਾਬਲੇ ਵਿਚ ਹਿਜ਼ਬੁਲ ਮੁਜ਼ਾਹਿਦੀਨ ਦੇ ਆਪੇ ਬਣੇ ਕਮਾਂਡਰ ਸਣੇ ਪੰਜ ਅਤਿਵਾਦੀ ਮਾਰੇ ਗਏ ਸਨ। (ਏੋਜੰਸੀ)