
ਇੱਕ ਦੇਸ਼ ਇੱਕ ਮੰਡੀ ਬਣਾਉਣ ਲਈ ਮੋਦੀ ਸਰਕਾਰ ਵੱਲੋ ਸੰਘੀ ਢਾਂਚੇ ਉੱਤੇ ਹੱਲਾ ਬੋਲਦਿਆਂ ਖੇਤੀ ਉਤਪਾਦਨ
ਚੰਡੀਗੜ੍ਹ, 8 ਜੂਨ (ਗੁਰਉਪਦੇਸ਼ ਭੁੱਲਰ): ਇੱਕ ਦੇਸ਼ ਇੱਕ ਮੰਡੀ ਬਣਾਉਣ ਲਈ ਮੋਦੀ ਸਰਕਾਰ ਵੱਲੋ ਸੰਘੀ ਢਾਂਚੇ ਉੱਤੇ ਹੱਲਾ ਬੋਲਦਿਆਂ ਖੇਤੀ ਉਤਪਾਦਨ ਵਣਜ,ਵਪਾਰ ਆਰਡੀਨੈਂਸ 2020 ਲਾਗੂ ਕਰਕੇ ਖੇਤੀ ਮੰਡੀ ਕਾਰਪੋਰੇਟ ਕੰਪਨੀ ਦੇ ਹਵਾਲੇ ਕਰਨ ਦਾ ਰਾਹ ਖੋਲਣ ਵਿਰੁੱਧ ਤੇ ਬਿਜਲੀ ਦਾ ਪੂਰੀ ਤਰਾਂ ਨਿੱਜੀਕਰਨ ਕਰਨ ਲਈ ਲਿਆਂਦੇ ਗਏ ਬਿਜਲੀ ਸੋਧ ਬਿੱਲ 2020 ਦੇ ਖਰੜੇ ਨੂੰ ਰੱਦ ਕਰਵਾਉਣ ਲਈ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋ ਪੰਜਾਬ ਦੇ 7 ਡੀ.ਸੀ ਦਫਤਰਾਂ ਅਤੇ 3 ਐੱਸ.ਡੀ.ਐੱਮ ਦਫਤਰਾਂ ਅੱਗੇ ਰੋਹ ਭਰਪੂਰ ਵਿਸ਼ਾਲ ਧਰਨੇ ਦਿੱਤੇ।
ਪ੍ਰਧਾਨ ਮੰਤਰੀ ਦੇ ਨਾਮ ਜਿਲਾ ਅਧਿਕਾਰੀਆਂ ਰਾਂਹੀ ਮੰਗ ਪੱਤਰ ਭੇਜੇ। ਇਹ ਧਰਨੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ, ਕਪੂਰਥਲਾ,ਗੁਰਦਾਸਪੁਰ, ਹੁਸ਼ਿਆਰਪੁਰ ਦੇ ਡੀ.ਸੀ ਦਫਤਰਾਂ ਤੇ ਧਰਮਕੋਟ (ਮੋਗਾ), ਜਲਾਲਾਬਾਦ (ਫਾਜ਼ਿਲਕਾ), ਮੋਰਿੰਡਾ (ਰੋਪੜ) ਦੇ ਤਹਿਸੀਲ ਕੇਂਦਰਾਂ ਅੱਗੇ ਦਿੱਤੇ ਗਏ ਤੇ ਹਰ ਥਾਂ ਧਰਨਾਕਾਰੀਆਂ ਨੇ ਆਪਣੇ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ।
ਵੱਖ ਵੱਖ ਥਾਵਾਂ ਉੱਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਨ: ਸਕੱਤਰ ਸਰਵਣ ਸਿੰਘ ਪੰਧੇਰ,ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ,ਜਸਬੀਰ ਸਿੰਘ ਪਿੱਦੀ,ਸੁਖਵਿੰਦਰ ਸਿੰਘ ਸਭਰਾ,ਗੁਰਲਾਲ ਸਿੰਘ ਪੰਡੋਰੀ,ਹਰਪ੍ਰੀਤ ਸਿੰਘ ਸਿੱਧਵਾਂ,ਗੁਰਬਚਨ ਸਿੰਘ ਚੱਬਾ ਨੇ ਅਕਾਲੀ ਭਾਜਪਾ ਗੱਠਜੋੜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਪਟਨ ਸਰਕਾਰ ਨੂੰ ਕਿਸਾਨ ਮਜ਼ਦੂਰ ਮਾਰੂ ਉਕਤ ਦੋਵੇ ਐਕਟ ਤੁਰੰਤ ਵਾਪਸ ਲੈਣ ਦੀ ਚਿਤਾਵਨੀ ਦਿੰਦਿਆਂ ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਵਿੱਚ 10 ਜੂਨ ਤੋ 20 ਜੂਨ ਤੱਕ ਅਕਾਲੀ ਭਾਜਪਾ ਤੇ ਕਾਂਗਰਸ ਵਿਰੁੱਧ ਪੁਤਲੇ ਫੂਕ ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ।
ਕਿਸਾਨ ਮਜ਼ਦੂਰ ਆਗੂਆਂ ਨੇ ਅੱਗੇ ਕਿਹਾ ਕਿ ਇੱਕ ਦੇਸ਼ ਇੱਕ ਮੰਡੀ ਵਿਸ਼ਵ ਵਪਾਰ ਸੰਸਥਾ ਤੇ ਵਿਸ਼ਵ ਬੈਂਕ ਦੇ ਦਬਾਅ ਹੇਠ ਕਾਰਪੋਰੇਟ ਖੇਤੀ ਮਾਡਲ ਲਾਗੂ ਕਰਨ ਤੇ 85% ਕਿਸਾਨੀ ਨੂੰ ਖੇਤੀ ਵਿੱਚੋ ਕਰਨ ਲਈ ਬਣਾਈ ਜਾ ਰਹੀ ਹੈ।ਉਕਤ ਕਾਰਪੋਰੇਟ ਖੇਤੀ ਮਾਡਲ ਅਮਰੀਕਾ,ਯੂਰਪ ਵਿੱਚ ਪਹਿਲਾਂ ਹੀ ਫੇਲ ਹੋ ਚੁੱਕਾ ਹੈ ਪਰ ਕੇਂਦਰ ਸਰਕਾਰ ਉਕਤ ਫੇਲ ਹੋ ਚੁੱਕੇ ਖੇਤੀ ਮਾਡਲ ਨੂੰ ਕਿਸਾਨਾਂ ਦੀ ਖੁਸ਼ਹਾਲੀ ਦੱਸ ਕੇ ਵੱਡੀ ਗੱਦਾਰੀ ਤੇ ਮੱਕਾਰੀ ਕਰ ਰਹੀ ਹੈ