
ਦੇਸ਼ ਵਿਚ ਸਾਲਾਨਾ ਵਰਖਾ ਦਾ 70 ਪ੍ਰਤੀਸ਼ਤ ਮਾਨਸੂਨ ਹਵਾਵਾਂ ਤੋਂ ਆਉਂਦਾ ਹੈ ਅਤੇ ਇਸ ਨੂੰ ਖੇਤੀਬਾੜੀ ਅਧਾਰਤ ਆਰਥਿਕਤਾ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ - ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਵੀਰਵਾਰ ਨੂੰ ਕਿਹਾ ਕਿ ਮਾਨਸੂਨ ਆਮ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸ ਮਾਨਸੂਨ ਦੇ ਅਗਲੇ ਦੋ ਦਿਨਾਂ ਵਿਚ ਮਹਾਰਾਸ਼ਟਰ ਵਿਚ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਰੁਣਾਚਲ ਪ੍ਰਦੇਸ਼ ਵਿਚ 10 ਅਤੇ 11 ਜੂਨ ਨੂੰ ਅਤੇ ਅਸਾਮ ਅਤੇ ਮੇਘਾਲਿਆ ਵਿਚ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ (204.4 ਮਿਲੀਮੀਟਰ ਤੋਂ ਵੱਧ) ਹੋਣ ਦੀ ਚੇਤਾਵਨੀ ਵੀ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਵਿਚ ਸਾਲਾਨਾ ਵਰਖਾ ਦਾ 70 ਪ੍ਰਤੀਸ਼ਤ ਮਾਨਸੂਨ ਹਵਾਵਾਂ ਤੋਂ ਆਉਂਦਾ ਹੈ ਅਤੇ ਇਸ ਨੂੰ ਖੇਤੀਬਾੜੀ ਅਧਾਰਤ ਆਰਥਿਕਤਾ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ।
RAIN
ਆਈਐਮਡੀ ਦੇ ਵਿਗਿਆਨੀ ਆਰ. ਕੇ. ਜੇਨਾਮਨੀ ਨੇ ਕਿਹਾ ਕਿ ਮਾਨਸੂਨ 29 ਮਈ ਨੂੰ ਕੇਰਲ ਦੇ ਤੱਟ 'ਤੇ ਪਹੁੰਚਿਆ ਸੀ ਅਤੇ 31 ਮਈ ਤੋਂ 7 ਜੂਨ ਦੇ ਵਿਚਕਾਰ, ਇਹ ਦੱਖਣੀ ਅਤੇ ਮੱਧ ਅਰਬ ਸਾਗਰ, ਪੂਰੇ ਕੇਰਲ, ਕਰਨਾਟਕ ਦੇ ਕੁਝ ਹਿੱਸਿਆਂ ਅਤੇ ਤਾਮਿਲਨਾਡੂ ਤੱਕ ਪਹੁੰਚ ਗਿਆ ਸੀ। ਜੇਨਾਮਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ''ਮੌਨਸੂਨ 'ਚ ਕੋਈ ਦੇਰੀ ਨਹੀਂ ਹੈ। ਅਗਲੇ ਦੋ ਦਿਨਾਂ 'ਚ ਇਸ ਦੇ ਮਹਾਰਾਸ਼ਟਰ ਪਹੁੰਚਣ ਦੀ ਸੰਭਾਵਨਾ ਹੈ ਅਤੇ ਅਗਲੇ ਦੋ ਦਿਨਾਂ 'ਚ ਮਾਨਸੂਨ ਪੂਰੀ ਮੁੰਬਈ ਨੂੰ ਕਵਰ ਕਰ ਲਵੇਗਾ। ਉਨ੍ਹਾਂ ਕਿਹਾ, "ਅਗਲੇ ਦੋ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬੱਦਲ ਬਣਨੇ ਸ਼ੁਰੂ ਹੋ ਜਾਣਗੇ।"
Rain
ਜੇਨਾਮਨੀ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਗੋਆ ਅਤੇ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਆਈਐਮਡੀ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਇਸ ਸਾਲ ਦੱਖਣ-ਪੱਛਮੀ ਮਾਨਸੂਨ ਆਮ ਰਹੇਗਾ ਅਤੇ ਪਿਛਲੇ 50 ਸਾਲਾਂ ਦੀ ਔਸਤ 87 ਸੈਂਟੀਮੀਟਰ ਦੇ ਮੁਕਾਬਲੇ 103 ਪ੍ਰਤੀਸ਼ਤ ਵਰਖਾ ਹੋਵੇਗੀ। ਇਹ ਲਗਾਤਾਰ ਸੱਤਵਾਂ ਸਾਲ ਹੋਵੇਗਾ ਜਦੋਂ ਦੇਸ਼ ਵਿਚ ਜੂਨ ਤੋਂ ਸਤੰਬਰ ਤੱਕ ਸਰਗਰਮ ਮਾਨਸੂਨ ਸੀਜ਼ਨ ਦੌਰਾਨ ਆਮ ਵਰਖਾ ਹੋਵੇਗੀ।
Rain
ਜੇਨਾਮਨੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਆਸਾਮ ਵਿਚ ਵੀ ਪਿਛਲੇ ਮਹੀਨੇ ਹੜ੍ਹ ਆ ਚੁੱਕੇ ਹਨ। ਮਾਨਸੂਨ ਤੋਂ ਪਹਿਲਾਂ ਹੋਈ ਭਾਰੀ ਬਾਰਿਸ਼ ਅਤੇ ਇਸ ਕਾਰਨ ਆਏ ਹੜ੍ਹਾਂ ਨੇ ਸੜਕਾਂ, ਰੇਲਵੇ ਟਰੈਕ ਅਤੇ ਪੁਲਾਂ ਸਮੇਤ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮਾਨਸੂਨ ਦਿੱਲੀ-ਐੱਨਸੀਆਰ ਅਤੇ ਉੱਤਰ-ਪੱਛਮੀ ਭਾਰਤ 'ਚ ਆਮ ਤਾਰੀਖ ਤੱਕ ਪਹੁੰਚ ਜਾਵੇਗਾ ਤਾਂ ਜੇਨਾਮਨੀ ਨੇ ਕਿਹਾ ਕਿ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪਿਛਲੇ ਸਾਲ, ਆਈਐਮਡੀ ਨੇ ਭਵਿੱਖਬਾਣੀ ਕੀਤੀ ਸੀ ਕਿ ਮਾਨਸੂਨ 27 ਜੂਨ ਦੀ ਆਮ ਤਾਰੀਖ ਤੋਂ ਦੋ ਹਫ਼ਤੇ ਪਹਿਲਾਂ ਦਿੱਲੀ ਪਹੁੰਚ ਜਾਵੇਗਾ ਪਰ ਇਹ 13 ਜੁਲਾਈ ਨੂੰ ਪਹੁੰਚ ਗਿਆ, ਜੋ ਪਿਛਲੇ 19 ਸਾਲਾਂ ਵਿਚ ਸਭ ਤੋਂ ਵੱਧ ਦੇਰੀ ਦਾ ਰਿਕਾਰਡ ਹੈ।