
ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਮੱਧ ਵਰਗ ਅਤੇ ਨੌਕਰੀਪੇਸ਼ਾ ਲੋਕ ਕਿੱਥੇ ਜਾਣ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰਨ?
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਪ੍ਰਤੀ ਵਫਾਦਾਰੀ ਦਿਖਾਈ ਹੈ ਅਤੇ ਨਾ ਹੀ ਲੋਕਾਂ ਪ੍ਰਤੀ। ਉਹਨਾਂ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ, “ਵਫ਼ਾਦਾਰੀ ਅਤੇ ਅਦਾਕਾਰੀ ਵਿਚ ਅੰਤਰ ਹੁੰਦਾ ਹੈ। ਮੋਦੀ ਸਰਕਾਰ ਨੇ ਨਾ ਦੇਸ਼ ਪ੍ਰਤੀ ਵਫ਼ਾਦਾਰੀ ਦਿਖਾਈ, ਨਾ ਲੋਕਾਂ ਪ੍ਰਤੀ। ਮੈਂ ਮਹਿੰਗਾਈ ਦੀ ਗੱਲ ਕਰ ਰਿਹਾ ਹਾਂ। ਜੇਕਰ ਤੁਸੀਂ ਸੋਚ ਰਹੇ ਹੋ ਕਿ ਆਉਣ ਵਾਲੇ ਸਮੇਂ 'ਚ ਮਹਿੰਗਾਈ ਘੱਟ ਜਾਵੇਗੀ, ਤਾਂ ਤੁਸੀਂ ਗਲਤਫਹਿਮੀ 'ਚ ਹੋ। ਆਉਣ ਵਾਲੇ ਦਿਨਾਂ ਵਿਚ ਮੋਦੀ ਸਰਕਾਰ ਦੇ ਨਵੇਂ ਹਮਲੇ ਲਈ ਤਿਆਰ ਰਹੋ”।
ਰਾਹੁਲ ਗਾਂਧੀ ਨੇ ਅੱਗੇ ਕਿਹਾ, “ਆਰਬੀਆਈ ਨੇ ਰੈਪੋ ਰੇਟ ਵਿਚ 0.5 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ ਵਧ ਕੇ 4.9 ਫੀਸਦੀ ਹੋ ਗਿਆ ਹੈ। ਆਰਬੀਆਈ ਅਨੁਸਾਰ 2022-23 ਵਿਚ ਮਹਿੰਗਾਈ ਦਰ ਹੋਰ ਵਧਣ ਵਾਲੀ ਹੈ, ਜਦਕਿ ਪ੍ਰਚੂਨ ਮਹਿੰਗਾਈ ਦਰ 6.7 ਫੀਸਦੀ ਰਹਿਣ ਵਾਲੀ ਹੈ”।
ਉਹਨਾਂ ਦਾਅਵਾ ਕੀਤਾ, ''ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਨੇ ਆਮ ਲੋਕਾਂ 'ਤੇ ਮਹਿੰਗਾਈ ਦਾ ਅਜਿਹਾ ਬੋਝ ਪਾ ਦਿੱਤਾ ਹੈ ਕਿ ਇਹ ਹੁਣ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਹੈ। ਘਰ, ਆਟੋ, ਪਰਸਨਲ ਲੋਨ ਅਤੇ ਮਹੀਨਾਵਾਰ ਕਿਸ਼ਤਾਂ ਮਹਿੰਗੀਆਂ ਹੋ ਜਾਣਗੀਆਂ”। ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਮੱਧ ਵਰਗ ਅਤੇ ਨੌਕਰੀਪੇਸ਼ਾ ਲੋਕ ਕਿੱਥੇ ਜਾਣ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰਨ?