
Odisha News : ਮੋਹੰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ਕਰਨਾ ਪਿਆ ਮੁਲਤਵੀ
Odisha News : ਭੁਵਨੇਸ਼ਵਰ, ਓਡੀਸ਼ਾ ’ਚ ਭਾਜਪਾ ਦੀ ਪਹਿਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ 10 ਜੂਨ ਦੀ ਬਜਾਏ 12 ਜੂਨ ਕਰ ਦਿੱਤੀ ਗਈ ਹੈ। ਪਾਰਟੀ ਨੇਤਾ ਜਤਿਨ ਮੋਹੰਤੀ ਅਤੇ ਵਿਜੇਪਾਲ ਸਿੰਘ ਤੋਮਰ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਯਤਿਨ ਮੋਹੰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਆਪਣੇ ਸਹੁੰ ਚੁੱਕ ਸਮਾਗਮ 'ਚ ਰੁੱਝੇ ਰਹਿਣਗੇ ਅਤੇ ਅਗਲੇ ਦਿਨ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ, ਨਵੇਂ ਚੁਣੇ ਗਏ ਮੈਂਬਰਾਂ ਦੀ ਪਹਿਲੀ ਵਿਧਾਇਕ ਦਲ ਦੀ ਮੀਟਿੰਗ ਹੁਣ 11 ਜੂਨ ਨੂੰ ਤੈਅ ਕੀਤੀ ਗਈ ਹੈ।
ਚੋਣ ਪ੍ਰਚਾਰ ਦੌਰਾਨ ਮੋਦੀ ਨੇ ਕਿਹਾ ਸੀ ਕਿ ਓਡੀਸ਼ਾ ਦੀ ਪਹਿਲੀ ਭਾਜਪਾ ਸਰਕਾਰ 10 ਜੂਨ ਨੂੰ ਸਹੁੰ ਚੁੱਕੇਗੀ। ਭਾਜਪਾ ਦੇ ਸੂਬਾ ਪ੍ਰਧਾਨ ਮਨਮੋਹਨ ਸਮਾਲ ਨੇ ਵੀ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਪਾਰਟੀ ਸੂਤਰਾਂ ਨੇ ਦੱਸਿਆ ਕਿ ਤਰੀਕ ਬਦਲਣ ਦਾ ਫੈਸਲਾ ਐਤਵਾਰ ਨੂੰ ਲਿਆ ਗਿਆ।
ਇਸ ਦੌਰਾਨ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਅਜੇ ਵੀ ਰਹੱਸ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਨਵੇਂ ਚੁਣੇ ਗਏ ਵਿਧਾਇਕ ਸੁਰੇਸ਼ ਪੁਜਾਰੀ ਦੇ ਨਵੀਂ ਦਿੱਲੀ ਪੁੱਜਣ ਨਾਲ ਅਟਕਲਾਂ ਨੂੰ ਹੁਲਾਰਾ ਮਿਲਿਆ ਹੈ ਕਿ ਉਹ ਚੋਟੀ ਦੇ ਅਹੁਦੇ ਦੇ ਪ੍ਰਮੁੱਖ ਦਾਅਵੇਦਾਰਾਂ ’ਚੋਂ ਇੱਕ ਹੋ ਸਕਦੇ ਹਨ।
ਪੁਜਾਰੀ 2019 ਦੀਆਂ ਚੋਣਾਂ ’ਚ ਬਾਰਗੜ੍ਹ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਹ ਹਾਲ ਹੀ ’ਚ ਬ੍ਰਜਰਾਜਨਗਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਨੇਤਾਵਾਂ ਨਾਲ ਗੱਲਬਾਤ ਲਈ ਨਵੀਂ ਦਿੱਲੀ ਬੁਲਾਇਆ ਗਿਆ ਹੈ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਅਜੇ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਨੇਤਾ ਦੇ ਨਾਂ 'ਤੇ ਅੰਤਿਮ ਫੈਸਲਾ ਨਹੀਂ ਲਿਆ ਹੈ ਪਰ ਪਾਰਟੀ ਦੀ ਓਡੀਸ਼ਾ ਇਕਾਈ ਦੇ ਪ੍ਰਧਾਨ ਮਨਮੋਹਨ ਸਮਾਲ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਦੋ ਦਿਨ ਹੋਰ ਉਡੀਕ ਕਰਨੀ ਪਵੇਗੀ। ਨਵੀਂ ਦਿੱਲੀ ਤੋਂ ਪਰਤਣ ਤੋਂ ਬਾਅਦ ਸਮਾਲ ਨੇ ਕਿਹਾ ਕਿ ਭਾਜਪਾ ਸੰਸਦੀ ਬੋਰਡ ਆਪਣੀ ਮੀਟਿੰਗ ’ਚ ਮੁੱਖ ਮੰਤਰੀ ਬਾਰੇ ਫੈਸਲਾ ਲਵੇਗਾ।
ਦੱਸਣ ਬਣਦਾ ਹੈ ਕਿ 147 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਨੇ 78 ਸੀਟਾਂ ’ਤੇ ਜਿੱਤ ਹਾਸਲ ਕੀਤੀ। ਪਾਰਟੀ ਨੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਬਿਨਾਂ ਹੀ ਮੋਦੀ ਦੀ ਅਗਵਾਈ ਹੇਠ ਚੋਣਾਂ ਲੜੀਆਂ ਸਨ। ਇਸ ਦੌਰਾਨ ਭੁਵਨੇਸ਼ਵਰ ਦੇ ਜਨਤਾ ਮੈਦਾਨ ’ਚ ਸਹੁੰ ਚੁੱਕ ਸਮਾਗਮ ਦੇ ਆਯੋਜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
(For more news apart from The oath-taking ceremony of the first BJP government in Odisha on June 12 News in Punjabi, stay tuned to Rozana Spokesman)