![Accident in Rajasthan Accident in Rajasthan](/cover/prev/tpg4gfd22f9eh2hd70o0scgo21-20180709132000.Medi.jpeg)
ਰਾਜਸਥਾਨ ਦੇ ਅਜਮੇਰ, ਸਿਰੋਹੀ ਅਤੇ ਬੀਕਾਨੇਰ ਜ਼ਿਲ੍ਹੇ ਵਿਚ ਤਿੰਨ ਵੱਖ ਵੱਖ ਸੜਕ ਹਾਦਸਿਆਂ ਵਿਚ ਮਾਸੂਮ ਸਮੇਤ ਗਿਆਰਾਂ ਜਣਿਆਂ ਦੀ ਮੌਤ ਹੋ ਗਈ ਜਦਕਿ 42 ਹੋਰ ਜਣੇ...
ਜੈਪੁਰ,ਰਾਜਸਥਾਨ ਦੇ ਅਜਮੇਰ, ਸਿਰੋਹੀ ਅਤੇ ਬੀਕਾਨੇਰ ਜ਼ਿਲ੍ਹੇ ਵਿਚ ਤਿੰਨ ਵੱਖ ਵੱਖ ਸੜਕ ਹਾਦਸਿਆਂ ਵਿਚ ਮਾਸੂਮ ਸਮੇਤ ਗਿਆਰਾਂ ਜਣਿਆਂ ਦੀ ਮੌਤ ਹੋ ਗਈ ਜਦਕਿ 42 ਹੋਰ ਜਣੇ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਰਾਜਿੰਦਰ ਸਿੰਘ ਨੇ ਦਸਿਆ ਕਿ ਜੈਪੁਰ ਵਲੋਂ ਆ ਰਹੀ ਪਾਲੀ ਡਿਪੋ ਦੀ ਰਾਜਸਥਾਨ ਦੀ ਰੋਡਵੇਜ਼ ਬੱਸ ਦੀ ਗ਼ਲਤ ਦਿਸ਼ਾ ਵਿਚ ਆ ਰਹੇ ਡੰਪਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਬੱਸ ਵਿਚ ਸਵਾਰ ਮਾਸੂਮ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ ਜਦਕਿ 20 ਹੋਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਅਜਮੇਰ ਦੇ ਜੇਐਲਐਨ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੰਜ ਜਣਿਆਂ ਦੀ ਪਛਾਣ 29 ਸਾਲਾ ਤਾਰਾਚੰਦ, 18 ਸਾਲਾ ਦਲੀਪ ਸਿੰਘ, 18 ਸਾਲਾ ਜਿਸਾਨ, 12 ਸਾਲਾ ਨਾਇਰਾ ਵਜੋਂ ਹੋਈ ਹੈ ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਡੰਪਰ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿਤੀ ਗਈ ਹੈ।
ਇਕ ਹੋਰ ਸੜਕ ਹਾਦਸੇ ਵਿਚ ਬੀਕਾਨੇਰ ਤੋਂ ਭਾਦਰਾ ਜਾ ਰਹੀ ਬੱਸ ਜਾਮਸਰ ਲਾਗੇ ਪਟਰੌਲ ਪੰਪ ਕੋਲ ਖਡੇ ਟਰੱਕ ਵਿਚ ਜਾ ਵੱਜੀ ਜਿਸ ਕਾਰਨ ਬੱਸ ਵਿਚ ਸਵਾਰ ਦੋ ਕੁੜੀਆਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿਚ ਦਸ ਜਣੇ ਜ਼ਖ਼ਮੀ ਹੋ ਗਏ। ਇਕ ਹੋਰ ਸੜਕ ਹਾਦਸੇ ਵਿਚ ਸਿਰੋਹੀ ਜ਼ਿਲ੍ਹੇ ਵਿਚ ਨਿਜੀ ਬੱਸ ਚਾਲਕ ਦੀ ਅੱਖ ਲੱਗ ਜਾਣ ਕਾਰਨ ਬੱਸ ਖੱਡ ਵਿਚ ਡਿੱਗ ਗਈ ਜਿਸ ਕਾਰਨ 12 ਜਣੇ ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਨੂੰ ਉਦੇਪੁਰ ਦੇ ਹਸਪਤਾਲ ਭੇਜਿਆ ਗਿਆ ਹੈ। ਬੱਸ ਵਿਚ 57 ਜਣੇ ਸਵਾਰ ਸਨ। ਬੱਸ ਜੈਪੁਰ ਤੋਂ ਪਿੰਡਵਾੜਾ ਤਹਿਸੀਲ ਦੇ ਪਿੰਡ ਭੂਲਾ ਜਾ ਰਹੀ ਸੀ। (ਏਜੰਸੀ)