
ਮਾਲਦਾ ਟਾਊਨ-ਆਨੰਦ ਵਿਹਾਰ ਐਕਸਪ੍ਰੈਸ ਵਿਚ ਯਾਤਰਾ ਕਰ ਰਹੇ ਲਗਭਗ 113 ਮਦਰੱਸਾ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਸ਼ੱਕ ਦੇ ਅਧਾਰ ਤੇ ਬਰੇਲੀ ਰੇਲਵੇ ਸਟੇਸ਼ਨ ‘ਤੇ ਉਤਾਰ ਲਿਆ ਗਿਆ।
ਬਰੇਲੀ: ਮਾਲਦਾ ਟਾਊਨ-ਆਨੰਦ ਵਿਹਾਰ ਐਕਸਪ੍ਰੈਸ ਵਿਚ ਯਾਤਰਾ ਕਰ ਰਹੇ ਲਗਭਗ 113 ਮਦਰੱਸਾ ਵਿਦਿਆਰਥੀਆਂ ਨੂੰ ਸ਼ਨੀਵਾਰ ਨੂੰ ਸ਼ੱਕ ਦੇ ਅਧਾਰ ਤੇ ਬਰੇਲੀ ਰੇਲਵੇ ਸਟੇਸ਼ਨ ‘ਤੇ ਉਤਾਰ ਲਿਆ ਗਿਆ। ਰੇਲਵੇ ਪੁਲਿਸ ਮੁਖੀ ਸੁਭਾਸ਼ ਚੰਦਰ ਨੇ ਦੱਸਿਆ ਕਿ ਆਨੰਦ ਵਿਹਾਰ ਮਾਲਦਾ ਟਾਊਨ ਟਰੇਨ ਵਿਚ 100 ਤੋਂ ਵੀ ਜ਼ਿਆਦਾ ਸ਼ੱਕੀ ਬੱਚਿਆਂ ਦੇ ਹੋਣ ਦੀ ਸੂਚਨਾ ਮਿਲੀ ਸੀ। ਟਰੇਨ ਦੇ ਬਰੇਲੀ ਪਹੁੰਚਣ ‘ਤੇ ਉਹਨਾਂ ਬੱਚਿਆਂ ਨੂੰ ਰੇਲਵੇ ਸੁਰੱਖਿਆ ਬਲ ਅਤੇ ਜੀਆਰਪੀ ਦੇ ਜਵਾਨਾਂ ਨੇ ਸਟੇਸ਼ਨ ‘ਤੇ ਉਤਾਰ ਲਿਆ।
Madarasa Students
ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ-ਗਿੱਛ ਵਿਚ ਪਤਾ ਚੱਲਿਆ ਕਿ ਬੱਚੇ ਅਲੱਗ ਅਲੱਗ ਮਦਰੱਸਿਆਂ ਦੇ ਹਨ, ਜੋ ਕਿ ਛੁੱਟੀਆਂ ਤੋਂ ਬਾਅਦ ਵਾਪਸ ਜਾ ਰਹੇ ਸੀ। ਉਹਨਾਂ ਦੇ ਨਾਂਅ ਅਤੇ ਪਤੇ ਦੀ ਤਸਦੀਕ ਕੀਤੀ ਜਾ ਰਹੀ ਹੈ। ਇਹ ਬੱਚੇ ਦਿੱਲੀ, ਹਾਪੁੜ, ਅਮਰੋਹਾ ਅਤੇ ਮੁਰਾਦਾਬਾਦ ਦੇ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਚੰਦਰ ਨੇ ਦੱਸਿਆ ਕਿ ਇਹਨਾਂ ਬੱਚਿਆਂ ਕੋਲ ਮੌਜੂਦ ਅਧਾਰ ਕਾਰਡ, ਪਛਾਣ ਪੱਤਰ ਅਤੇ ਦੱਸੇ ਗਏ ਪਤੇ ਤੋਂ ਪਤਾ ਚੱਲਿਆ ਕਿ ਉਹ ਅਲੱਗ ਅਲੱਗ ਮਦਰੱਸੇ ਦੇ ਵਿਦਿਆਰਥੀ ਹਨ ਅਤੇ ਵਾਪਸ ਮਦਰੱਸੇ ਜਾ ਰਹੇ ਹਨ। ਉਹਨਾਂ ਨੂੰ ਅਗਲੀ ਟਰੇਨ ਤੋਂ ਰਵਾਨਾ ਕਰ ਦਿੱਤਾ ਗਿਆ ਹੈ।
Madarsa Students
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਫਿਲਹਾਲ ਜਾਂਚ ਜਾਰੀ ਹੈ ਅਤੇ ਲੋੜ ਪੈਣ ‘ਤੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇਗਾ। ਸੂਤਰਾਂ ਮੁਤਾਬਕ ਸੂਚਨਾ ਮਿਲੀ ਸੀ ਕਿ 12 ਤੋਂ 16 ਸਾਲ ਤੱਕ ਦੀ ਉਮਰ ਦੇ 100 ਤੋਂ ਵੀ ਜ਼ਿਆਦਾ ਬੱਚਿਆਂ ਨੂੰ ਕਿਸੇ ਥਾਂ ‘ਤੇ ਲਿਜਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਆਰਪੀਐਫ ਅਤੇ ਜੀਆਰਪੀ ਇੰਟੈਲੀਜੈਂਸ ਅਤੇ ਸਿਵਲ ਪੁਲਿਸ ਨੇ ਟਰੇਨ ਨੂੰ ਬਰੇਲੀ ਜੰਕਸ਼ਨ ‘ਤੇ ਰੋਕ ਲਿਆ ਅਤੇ ਲੜਕਿਆਂ ਨੂੰ ਉਤਾਰ ਲਿਆ ਗਿਆ। ਰੇਲਵੇ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਰੇਲਵੇ-ਸਟੇਸ਼ਨ ‘ਤੇ ਹਫ਼ੜਾ-ਦਫੜੀ ਮਚ ਗਈ।