
ਪਿਓ ਨੂੰ ਮਾਰਨ ਲਈ ਧੀ ਨੇ ਪ੍ਰੇਮੀ ਨੂੰ ਦਿੱਤੇ ਸੀ 50 ਹਜ਼ਾਰ ਰੁਪਏ
ਨਵੀਂ ਦਿੱਲੀ: ਕੋਟਾ 'ਚ 19 ਸਾਲਾ ਧੀ ਨੇ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਲੜਕੀ ਨੇ ਪਿਤਾ ਦੇ ਕਤਲ ਲਈ ਆਪਣੇ ਪ੍ਰੇਮੀ ਨੂੰ 50 ਹਜ਼ਾਰ ਰੁਪਏ ਦਿੱਤੇ ਸਨ। ਲੜਕੀ ਆਪਣੇ ਪਿਤਾ ਦੇ ਨਸ਼ੇ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਸੀ। ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਲੜਕੀ, ਉਸ ਦੇ ਪ੍ਰੇਮੀ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
PHOTO
ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਦੀ ਧੀ ਸ਼ਿਵਾਨੀ (19), ਪ੍ਰੇਮੀ ਅਤੁਲ ਉਰਫ਼ ਸਾਂਤੀ (20) ਵਾਸੀ ਨਪਾਹੇੜਾ, ਲਲਿਤ ਮੀਨਾ (21) ਵਾਸੀ ਸੁਦਲਕ ਜ਼ਿਲ੍ਹਾ ਬਾਰਾਨ, ਵਿਸ਼ਨੂੰ ਭੀਲ (21) ਅਤੇ ਵਿਜੇ ਸੈਣੀ (20) ਵਾਸੀ ਨੰਤਾ ਕੋਟਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਰਾਜਿੰਦਰ ਮੀਨਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਉਸ ਦੀਆਂ ਦੋ ਪਤਨੀਆਂ ਹਨ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਇੱਕ ਬੇਟੀ ਸ਼ਿਵਾਨੀ ਹੈ। ਦੋਵੇਂ ਪਤਨੀਆਂ ਅਲੱਗ-ਅਲੱਗ ਰਹਿੰਦੀਆਂ ਹਨ।
ਰਾਜਿੰਦਰ ਦਾ ਇੱਕ ਘਰ ਸੁਲਤਾਨਪੁਰ ਵਿੱਚ ਹੈ, ਜਦੋਂ ਕਿ ਦੂਜਾ ਘਰ ਬਿਸਲਾਈ ਪਿੰਡ ਵਿੱਚ ਹੈ। ਸ਼ਿਵਾਨੀ ਆਪਣੀ ਮਾਂ ਸੁਗਨਾ ਨਾਲ ਸੁਲਤਾਨਪੁਰ ਦੇ ਘਰ ਰਹਿੰਦੀ ਹੈ। ਨਸ਼ੇ ਕਾਰਨ ਕਰਜ਼ੇ ਵਿੱਚ ਡੁੱਬਿਆ ਰਾਜਿੰਦਰ ਸੁਲਤਾਨਪੁਰ ਵਿੱਚ ਮਕਾਨ ਵੇਚਣਾ ਚਾਹੁੰਦਾ ਸੀ। ਇਹ ਘਰ ਪਹਿਲੀ ਪਤਨੀ ਦੇ ਨਾਂ 'ਤੇ ਹੈ। ਉਧਾਰ ਦੇਣ ਵਾਲੇ ਇਸ ਘਰ ਵਿੱਚ ਪੈਸੇ ਲੈਣ ਆਉਂਦੇ ਸਨ। ਸ਼ਿਵਾਨੀ ਇਸ ਤੋਂ ਪਰੇਸ਼ਾਨ ਸੀ। ਗੁੱਸੇ 'ਚ ਆ ਕੇ ਉਸ ਨੇ ਆਪਣੇ ਪਿਤਾ ਰਾਜਿੰਦਰ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ। ਜਦੋਂ ਸ਼ਿਵਾਨੀ ਨੂੰ ਸੁਲਤਾਨਪੁਰ 'ਚ ਘਰ ਵੇਚਣ ਦਾ ਪਤਾ ਲੱਗਾ ਤਾਂ ਉਹ ਗੁੱਸੇ 'ਚ ਆ ਗਈ। ਉਸ ਨੇ ਆਪਣੇ ਪਿਤਾ ਨੂੰ ਮਾਰਨ ਬਾਰੇ ਸੋਚਿਆ।
ਇਸ ਦੇ ਲਈ ਉਸ ਦਾ ਪ੍ਰੇਮੀ ਅਤੁਲ ਮੀਨਾ ਵੀ ਸ਼ਾਮਲ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਲਈ 50 ਹਜ਼ਾਰ ਦਾ ਇੰਤਜ਼ਾਮ ਕੀਤਾ ਗਿਆ ਸੀ। ਅਤੁਲ ਨੇ ਲਲਿਤ ਮੀਨਾ, ਦੇਵੇਂਦਰ, ਪਵਨ ਭੀਲ ਸਮੇਤ ਹੋਰ ਬਦਮਾਸ਼ਾਂ ਨੂੰ ਨਾਲ ਲੈ ਲਿਆ। ਇਸ ਤੋਂ ਬਾਅਦ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਕੋਟਾ 'ਚ ਲਲਿਤ ਮੀਨਾ, ਦੇਵੇਂਦਰ ਮੀਨਾ, ਪਵਨ ਭੀਲ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ।