
ਸੁਖਨਾ ਝੀਲ ’ਚ ਪਾਣੀ ਦਾ ਪੱਧਰ 1,162.54 ਫੁੱਟ ਤਕ ਪੁੱਜਾ, ਫਲੱਡ ਗੇਟ ਖੋਲ੍ਹੇ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਐਤਵਾਰ ਨੂੰ ਜੁਲਾਈ ਮਹੀਨੇ ’ਚ ਇਕ ਦਿਨ ਵਿਚ ਸਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ, ਜਿਸ ਨੇ 23 ਸਾਲਾਂ ਦਾ ਰੀਕਾਰਡ ਤੋੜ ਦਿਤਾ ਹੈ। ਪਿਛਲੇ 24 ਘੰਟਿਆਂ ਵਿਚ 322 ਮਿਲੀਮੀਟਰ ਮੀਂਹ ਪਿਆ। ਸ਼ਹਿਰ ਵਿਚ ਇਸ ਤੋਂ ਪਹਿਲਾਂ 18 ਜੁਲਾਈ, 2000 ਨੂੰ 262 ਮਿਲੀਮੀਟਰ ਦੀ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਸੀ।
ਲਗਾਤਾਰ ਮੀਂਹ ਤੋਂ ਬਾਅਦ, ਅਧਿਕਾਰੀਆਂ ਨੇ ਮਨੁੱਖ ਵਲੋਂ ਬਣਾਈ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿਤੇ ਕਿਉਂਕਿ ਪਾਣੀ ਦਾ ਪੱਧਰ 1,162.54 ਫੁੱਟ ਤਕ ਪਹੁੰਚ ਗਿਆ ਹੈ। ਸੁਖਨਾ ਚੋਅ ਝੀਲ ਦੇ ਵਾਧੂ ਪਾਣੀ ਨੂੰ ਘੱਗਰ ਨਦੀ ਵਿਚ ਲੈ ਜਾਂਦਾ ਹੈ। ਪਾਣੀ ਛੱਡਣ ਨਾਲ ਬਲਟਾਣਾ ਅਤੇ ਜ਼ੀਰਕਪੁਰ ਕਸਬਿਆਂ ਦੇ ਨੀਵੇਂ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।
ਇਹ ਵੀ ਪੜ੍ਹੋ: ਇਕਲੌਤੇ ਪੁੱਤ ਦੀ ਮੌਤ ਮਗਰੋਂ ਪ੍ਰਵਾਰ ਨੇ ਲਗਾਇਆ ਧਰਨਾ, ਭੁੱਬਾਂ ਮਾਰ ਰੋਂਦੀ ਮਾਂ ਮੰਗ ਰਹੀ ਇਨਸਾਫ਼
ਪੁਲਿਸ ਨੇ ਪਾਣੀ ਭਰਨ ਕਾਰਨ ਲੋਕਾਂ ਨੂੰ ਪਿੰਡ ਕਿਸ਼ਨਗੜ੍ਹ ਤੋਂ ਸੁਖਨਾ ਝੀਲ ਅਤੇ ਸ਼ਾਸਤਰੀ ਨਗਰ ਵਲ ਜਾਣ ਵਾਲੀ ਸੜਕ ਤੋਂ ਬਚਣ ਦੀ ਸਲਾਹ ਦਿਤੀ ਹੈ।
ਚੰਡੀਗੜ੍ਹ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਜਿਸ ਕਾਰਨ ਅੰਡਰਪਾਸ ਪਾਣੀ ਵਿਚ ਡੁੱਬ ਗਏ। ਵੱਡੀ ਗਿਣਤੀ ਵਿਚ ਲੋਕਾਂ ਨੇ ਦਰੱਖਤ ਡਿੱਗਣ, ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਣ ਅਤੇ ਮੀਂਹ ਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੋਣ ਦੀ ਸੂਚਨਾ ਦਿਤੀ ਹੈ।
ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲੋਡ ਘਟਾਉਣ ਲਈ ਨਗਰ ਨਿਗਮ ਨੂੰ ਟਾਹਣੀਆਂ ਨੂੰ ਕੱਟਣ ਦੀ ਮੰਗ ਕਰਨ ਵਾਲੀ ਚਿੱਠੀ ਭੇਜੀ ਸੀ, ਪਰ ਨਿਯਮਾਂ ਅਨੁਸਾਰ ਦਰੱਖਤ ਨਹੀਂ ਕੱਟੇ ਗਏ। ਚੰਡੀਗੜ੍ਹ ਦੇ ਗੁਆਂਢ ’ਚ ਸਥਿਤ ਪੰਜਾਬ ਦੇ ਡੇਰਾਬੱਸੀ ਵਿਚ ਵੀ ਮੀਂਹ ਕਾਰਨ ਘੱਗਰ ਦਾ ਪਾਣੀ ਖੇਤਾਂ ਵਿਚ ਵੜ ਗਿਆ ਅਤੇ ਜ਼ਮੀਨਾਂ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ। ਮੌਸਮ ਵਿਭਾਗ ਵਲੋਂ ਪਹਿਲਾਂ ਹੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਹਾਈ ਅਲਰਟ ’ਤੇ ਹੈ।