
ਇਸ ਹਮਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪੁੰਛ ’ਚ ਫੌਜ ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਕਰੇਗੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਹਮਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ’ਚ ਪਿਛਲੇ ਸਾਲ ਹੋਏ ਹਮਲੇ ਅਤੇ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਏ ਅਤਿਵਾਦੀ ਹਮਲਿਆਂ ’ਚ ਕਿਸੇ ‘ਸਮਾਨਤਾ’ ਦਾ ਪਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪਾਕਿਸਤਾਨ ਸਥਿਤ ਹੈਂਡਲਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੁੰਛ ਜ਼ਿਲ੍ਹੇ ਦੇ ਭਾਟਾ ਧੂਰੀਆਂ ਇਲਾਕੇ ’ਚ 20 ਅਪ੍ਰੈਲ 2023 ਨੂੰ ਅਤਿਵਾਦੀ ਹਮਲੇ ਤੋਂ ਬਾਅਦ ਇਕ ਗੱਡੀ ’ਚ ਅੱਗ ਲੱਗਣ ਨਾਲ ਫੌਜ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ।
ਫੌਜ ਨੇ ਕਿਹਾ ਸੀ ਕਿ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ’ਤੇ ਅਣਪਛਾਤੇ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਗ੍ਰੇਨੇਡ ਦੀ ਸੰਭਾਵਤ ਵਰਤੋਂ ਕਾਰਨ ਅੱਗ ਲੱਗ ਗਈ। ਪੀੜਤ ਅਤਿਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਕੌਮੀ ਰਾਈਫਲਜ਼ ਯੂਨਿਟ ਨਾਲ ਸਬੰਧਤ ਸਨ।
ਐਨ.ਆਈ.ਏ. ਨੇ ਸੋਮਵਾਰ ਨੂੰ ਕਠੂਆ ’ਚ ਫੌਜ ਦੇ ਕਾਫਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਜਾਂਚ ’ਚ ਜੰਮੂ-ਕਸ਼ਮੀਰ ਪੁਲਿਸ ਦੀ ਸਹਾਇਤਾ ਲਈ ਮੰਗਲਵਾਰ ਨੂੰ ਅਪਣੇ ਅਧਿਕਾਰੀਆਂ ਦੀ ਇਕ ਟੀਮ ਭੇਜੀ।