
ਅਜ ਇਥੇ ਲੋਕ ਸਭਾ 'ਚ ਸਪਲੀਮੈਂਟਰ ਮੰਗਾਂ ਤੇ ਹੋਈ ਚਰਚਾ ਮੌਕੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ.............
ਨਵੀਂ ਦਿਲੀ : ਅਜ ਇਥੇ ਲੋਕ ਸਭਾ 'ਚ ਸਪਲੀਮੈਂਟਰ ਮੰਗਾਂ ਤੇ ਹੋਈ ਚਰਚਾ ਮੌਕੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੇ ਵਟਵਾਰੇ ਤੋਂ ਲੈ ਕਿ ਹਿੰਦ-ਪਾਕਿ ਤੇ ਹਿੰਦ-ਚੀਨ ਜੰਗਾਂ ਵਿੱਚ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਦਿੱਤੀਆਂ ਕੁਰਬਾਨੀਆਂ ਆਦਿ ਦਾ ਨੁਕਸਾਨ ਪੰਜਾਬ ਨੂੰ ਸਭ ਤੋਂ ਵੱਧ ਚੁਕਾਉਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਹਾੜੀ ਸੂਬਿਆਂ ਨੂੰ ਮਿਲੀਆਂ ਵਿਸ਼ੇਸ ਸਹੂਲਤਾਂ ਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ ਹੈ, ਜਿਸ ਕਰਕੇ ਉਨ੍ਹਾਂ ਪੰਜਾਬ ਲਈ ਵਿਸ਼ੇਸ ਪੈਕਜ ਦੀ ਮੰਗ ਕੀਤੀ।
ਪ੍ਰੋ. ਚੰਦੂਮਾਜਰਾ ਨੇ ਕੰਢੀ ਖੇਤਰ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਵੀ ਪਹਾੜੀ ਖੇਤਰ ਵਾਲੀਆਂ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ, ਇਸ ਦੇ ਬਾਵਜੂਦ ਵੀ ਕੰਢੀ ਖੇਤਰਾਂ ਨੂੰ ਸਰਕਾਰ ਵਲੋਂ ਬਹੁਤ ਸਾਰੀਆ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਲਈ ਰੇਲ ਨਾਲ ਸਬੰਧਤ ਸਮੱਸਿਆਵਾਂ ਬਾਰੇ ਦੱਸਦੇ ਹੋਏ ਮੋਹਾਲੀ ਤੋਂ ਰਾਜਪੁਰਾ ਅਤੇ ਖੰਨਾ ਤੋਂ ਰਾਹੋਂ ਰੇਲ ਲਿੰਕ ਬਣਾਉਣ ਲਈ ਵਿਸ਼ੇਸ ਫੰਡ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪੰਜਾਬ ਵਿੱਚ ਨੰਗਲ ਵਿਖੇ ਖਾਦ ਕਾਰਖਾਨੇ ਦੀ ਸਮਰੱਥਾ ਵਧਾਉਣ ਤੇ ਕੇਂਦਰ ਸਰਕਾਰ ਤੋਂ 1100 ਕਰੋੜ ਰੁਪਏ
ਦੇ ਵਿਸ਼ੇਸ ਪੈਕਜ ਦੀ ਮੰਗ ਕੀਤੀ। ਉਨ੍ਹਾਂ ਕਿਹਾ ਇਸ ਨਾਲ ਕਾਰਖਾਨੇ ਦੀ 7 ਲੱਖ ਮੀਟਰਿਕ ਟਨ ਖਾਦ ਹੋਰ ਪੈਦਾ ਕਰਨ ਦੀ ਸਮਰੱਥਾ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਫੂਡ ਕਾਰਪੋਰੇਸ਼ਨ ਇੰਡੀਆ ਵਲੋਂ ਪੰਜਾਬ ਸਿਰ 3100 ਕਰੋੜ ਦੇ ਕਰਜ਼ੇ ਦਾ ਭਾਂਡਾ ਭੱਨਿਆਂ ਜਾ ਰਿਹਾ ਹੈ।ਉਨ੍ਹਾਂ ਖੇਤੀ ਨਾਲ ਸਬੰਧਤ ਸ਼ੰਦਾਂ ਨੂੰ ਜੀ.ਐਸ.ਟੀ. ਦੇ ਘੇਰੇ ਤੋਂ ਮੁਕਤ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਵਲੋਂ ਜੰਗਲੀ ਜਨਵਰਾਂ ਤੋਂ ਫ਼ਸਲਾਂ ਦੇ ਉਜਾੜੇ ਨੂੰ ਰੋਕਣਾ ਲਈ ਕੇਂਦਰ ਤੇ ਸੂਬਾ ਸਰਕਾਰਾਂ ਆਪਣਾ ਬਰਾਬਰ ਦਾ ਹਿੱਸਾ ਪਾ ਕਿ ਜਾਲੀਦਾਰ ਤਾਰ ਦਾ ਪ੍ਰਬੰਧ ਕਰਨ ਅਤੇ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੀ ਵੀ ਮੰਗ ਰੱਖੀ ਗਈ।
ਪ੍ਰੋ. ਚੰਦੂਮਾਜਰਾ ਨੇ ਕਿਸਾਨਾਂ ਦੇ ਕਰਜ਼ੇ ਮੁਕਤੀ ਦੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਕਾਰਪੋਰੇਟ ਸ਼ੈਕਟਰਾਂ ਨੂੰ ਕਰਜ਼ਾ ਮੁਕਤ ਕਰਨ ਲਈ ਇਨਸੋਲਵੈਂਸੀ ਅਤੇ ਬੈਕਰੱਪਸੀ ਕੋਡ ਐਕਟ ਲਿਆਂਦਾ ਗਿਆ ਤਾਂ ਕਿਸਾਨਾਂ ਲਈ ਵੀ ਕੇਂਦਰ ਤੇ ਸੂਬਾ ਸਰਕਾਰਾਂ ਆਪਸੀ ਸਹਿਯੋਗ ਜ਼ਰੀਏ ਲੋਕ ਅਦਾਲਤਾਂ ਬਣਾ ਕੇ ਇੱਕ ਵਾਰ 'ਚ ਦੇਸ਼ ਦੇ ਕਿਸਾਨ ਨੂੰ ਕਰਜ਼ਾ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਹੱਕਾਂ ਦੀ ਆਵਾਜ਼ ਵੀ ਚੁਕੀ। ਉਨ੍ਹਾਂ ਨੇ ਰਾਮਦਾਸੀਆਂ ਸਿੱਖਾਂ ਤੇ ਮਜ਼੍ਹਬੀ ਸਿੱਖਾਂ ਨੂੰ ਪੰਜਾਬ ਤੇ ਹਰਿਆਣੇ 'ਚ ਵਿਸ਼ੇਸ ਰਾਖਵਾਂਕਰਨ ਦੀ ਮੰਗ ਵੀ ਰੱਖੀ ਤੇ ਦੇਸ਼ ਦੇ ਬਾਕੀ ਸੂਬਿਆਂ 'ਚ ਸਿੱਖ ਦਲਿਤਾਂ ਨੂੰ ਰਾਖਵਾਂਕਰਨ ਦਾ ਹੱਕ ਨਾ ਮਿਲਣ 'ਤੇ ਰੋਸ ਵੀ ਪ੍ਰਗਟਾਇਆ।