
ਲੋਕ ਸਭਾ 'ਚ ਇਨਸੋਲਵੈਂਸੀ ਅਤੇ ਬੈਕਰੱਪਸੀ ਕੋਡ ਬਿਲ ਤੇ ਹੋਈ ਚਰਚਾ ਵਿੱਚ ਭਾਗ ਲੈਂਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ..............
ਨਵੀਂ ਦਿੱਲੀ : ਲੋਕ ਸਭਾ 'ਚ ਇਨਸੋਲਵੈਂਸੀ ਅਤੇ ਬੈਕਰੱਪਸੀ ਕੋਡ ਬਿਲ ਤੇ ਹੋਈ ਚਰਚਾ ਵਿੱਚ ਭਾਗ ਲੈਂਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਬਿਲ ਦਾ ਪੱਖ ਪੂਰਦਿਆਂ ਕਿਹਾ ਕਿ ਇਸ ਬਿਲ ਦੀ ਲੋੜ ਇਸ ਕਰਕੇ ਸੀ ਕਿ ਬੈਂਕਿੰਗ ਪ੍ਰਣਾਲੀ ਵਿੱਚ ਅਰਬਾਂ-ਖਰਬਾਂ ਦੇ ਘੁਟਾਲੇ ਤੇ ਅਰਬਾਂ ਰੁਪਏ ਦਾ ਐਨ.ਪੀ.ਏ ਹੋਣ ਕਰ ਕੇ ਆਮ ਲੋਕਾਂ ਦਾ ਵਿਸ਼ਵਾਸ ਉਠ ਰਿਹਾ ਸੀ ਅਤੇ ਬੈਂਕਾਂ ਵਿੱਚ ਲੋਕ ਆਪਣੇ ਰੁਪਏ ਨੂੰ ਅਸੁਰੱਖਿਅਤ ਸਮਝਣ ਲਗ ਪਏ ਸੀ।ਉਨ੍ਹਾਂ ਕਿਹਾ ਇਸ ਬਿੱਲ ਨਾਲ ਬੈਂਕਿੰਗ ਪ੍ਰਣਾਲੀ ਮਜ਼ਬੂਤ ਹੋਣ ਨਾਲ ਲੋਕਾਂ ਦਾ ਵਿਸ਼ਵਾਸ ਵੀ ਵਧੇਗਾ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਂਵੇ ਉਹ ਬਿਲ ਦੇ ਹੱਕ ਵਿੱਚ ਹਨ, ਪ੍ਰੰਤੂ ਇਸ ਨਾਲ ਜੁੜੇ ਹੋਏ ਹੋਰ ਸਵਾਲ ਵੀ ਹਨ ਜੋ ਸਰਕਾਰ ਸਪੱਸ਼ਟ ਕਰੇ ਕਿ ਜਿੰਨ੍ਹਾਂ ਦੀ ਮਿਲੀਭੁਗਤ ਨਾਲ ਫਰਾੜ ਕਰਤਾ ਨੇ ਕਰੋੜਾਂ ਅਰਬਾਂ ਰੁਪਏ ਡੁੱਬਿਆ ਉਨ੍ਹਾਂ ਵਿਰੁੱਧ ਕੀ ਐਕਸ਼ਨ ਹੋਵੇਗਾ ਅਤੇ ਇਵੇਂ ਦੇ ਫਰਾੜ ਬੈਂਕਿੰਗ ਖੇਤਰ ਵਿੱਚ ਨਹੀਂ ਹੋਣਗੇ, ਉਨ੍ਹਾਂ ਲਈ ਕੀ ਵਿਵਸਥਾ ਬਣਾਈ ਗਈ ਹੈ? ਉਨ੍ਹਾਂ ਕਿਹਾ ਕਿ ਵੱਡੇ ਘਰਾਣਿਆਂ ਤੇ ਕਾਰਪੋਰੇਟ ਸੈਕਟਰ ਦੇ ਅਦਾਰਿਆਂ ਦਾ ਕਰਜ਼ਾ ਨਿਪਟਾਰਾ ਕਰਨ ਦੀ ਇਹ ਵਿਧੀ ਬਣਾ ਦਿੱਤੀ ਗਈ ਹੈ, ਕੀ ਕੇਂਦਰ ਸਰਕਾਰ ਸੂਬਾ ਸਰਕਾਰਾਂ ਨਾਲ ਮਿਲ ਕੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਇਵੇਂ ਦੀ ਵਿਧੀ ਬਣਾਏਗੀ?
ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਤਰਸ਼ਮਈ ਹਾਲਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਿਵੇਂ ਉੱਥੇ ਦੀ ਸੱਤਾਧਾਰੀ ਪਾਰਟੀ ਨੇ ਸੱਤਾ ਹਾਸਲ ਕਰਨ ਲਈ ਕਿਸਾਨਾਂ ਨੂੰ ਝੂਠਾ ਲਾਰਾ ਲਾਇਆ ਕਿ ਬੈਂਕਾਂ ਦਾ, ਆੜ੍ਹਤੀਆਂ ਦਾ ਅਤੇ ਸਹਿਕਾਰੀ ਬੈਂਕਾਂ ਦੇ ਕਰਜ਼ ਤੇ ਲਕੀਰ ਮਾਰ ਦਿੱਤੀ ਜਾਵੇਗੀ, ਪ੍ਰੰਤੂ ਅਜਿਹਾ ਨਹੀ ਹੋਇਆ, ਸਗੋਂ ਅੱਗੇ ਲਈ ਵੀ ਕਿਸਾਨਾਂ ਨੂੰ ਕਰਜ਼ ਮਿਲਣਾ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਮਿਲਕੇ ਕੋਈ ਵਿਧੀ ਤਿਆਰ ਕਰਨ ਜਿਸ ਨਾਲ ਲੋਕ ਅਦਾਲਤਾਂ ਸਥਾਪਤ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਇੱਕੋ ਸਮੇਂ ਨਿਪਟਾਰਾ ਕੀਤਾ ਜਾ ਸਕੇ ਅਤੇ ਕਿਸਾਨ ਕਰਜ਼ ਮੁਕਤ ਹੋ ਜਾਣ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਦਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਿਸਾਨ ਪੱਖੀ ਨੀਤੀਆਂ ਐਮ.ਐਸ.ਪੀ ਵਿੱਚ ਡੇਢ ਗੁਣਾ ਲਾਗਤ ਤੋਂ ਵੱਧ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ, ਸਿੰਚਾਈ ਯੋਜਨਾ, ਸੋਇਲ ਹੈਲਥ ਕਾਰਡ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਆਦਿ ਕਿਸਾਨ ਪੱਖੀ ਕੇਂਦਰ ਸਰਕਾਰ ਦੀਆਂ ਅਨੇਕਾਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ।