
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ 'ਪਾੜੋ ਤੇ ਰਾਜ ਕਰੋ' ਦੀ ਧੋਖੇਬਾਜ...
ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ 'ਪਾੜੋ ਤੇ ਰਾਜ ਕਰੋ' ਦੀ ਧੋਖੇਬਾਜ ਨੀਤੀ ਦੀ ਸਖ਼ਤ ਅਲੋਚਨਾ ਕਰਦਿਆ ਇਸ ਨੂੰ ਬੇ-ਭਰੋਸੇਯੋਗ ਪਾਰਟੀ ਕਿਹਾ ਹੈ ਜਿਸ ਨੇ ਹਮੇਸ਼ਾ ਅਪਣੇ ਮੁਫਾਦਾਂ ਲਈ ਲੋਕਤੰਤਰ ਦਾ ਘਾਣ ਕੀਤਾ।
ਪਾਰਲੀਮੈਂਟ ਅੰਦਰ ਕੇਂਦਰ ਸਰਕਾਰ ਖਿਲਾਫ਼ ਪੇਸ਼ ਕੀਤੇ ਗਏ ਬੇ-ਭਰੋਸਗੀ ਮਤੇ ਦੀ ਮੁਖਾਲਫਤ ਵਿੱਚ ਹਿੱਸਾ ਲੈਂਦਿਆ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਜਪਾ ਦੀ ਐਨਡੀਏ ਸਰਕਾਰ ਨੂੰ ਲੋਕਤੰਤਰ ਦੀ ਭਾਸ਼ਾ ਇਹ ਕਾਂਗਰਸ ਕੀ ਸਿਖਾਏਗੀ ਜਿਸ ਨੇ ਆਜ਼ਾਦ ਹਿੰਦੁਸਤਾਨ ਵਿੱਚ ਅਮਨ-ਅਮਾਨ ਨਾਲ ਚਲ ਰਹੀਆਂ ਹਕੂਮਤਾਂ ਦੀ ਸਵਿਧਾਨ ਦੀ ਧਾਰਾ 356 ਦੀ ਦੁਰਵਰਤੋਂ ਕਰਕੇ ਗੈਰ ਕਾਂਗਰਸੀ ਸਰਕਾਰਾਂ ਦੀ ਬਲੀ ਲਈ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਵਕਤ ਬਹੁਤ ਬਲਵਾਨ ਹੈ। ਅੱਜ ਆਲਮ ਇਹ ਹੈ ਕਿ ਇਹ ਉਹੀ ਮਨਮਰਜ਼ੀਆਂ ਕਰਨ ਵਾਲੀ ਕਾਂਗਰਸ ਹੈ
ਜਿਸ ਦਾ ਸਦਨ ਅੰਦਰ ਇਨ੍ਹਾਂ ਵੀ ਬਹੁਤ ਨਹੀਂ ਕਿ ਉਸ ਨੂੰ ਤੇਲਗੂਦੇਸ਼ਮ ਪਾਰਟੀ ਦੇ ਕੰਧਾਰੇ ਚੜ੍ਹ ਕੇ ਸਰਕਾਰ ਦੇ ਖਿਲਾਫ ਬੇ-ਭਰੋਸਗੀ ਮਤਾ ਪੇਸ਼ ਕਰਨ ਲਈ ਨਿਰਭਰ ਹੋਣਾ ਪਿਆ ਹੈ। ਕਾਂਗਰਸ 'ਤੇ ਵਰ੍ਹਦਿਆਂ ਪ੍ਰੋ. ਚੰਦੂਮਾਜਰਾ ਨੇ ਇਸ ਨੂੰ ਸਿੱਖਾਂ ਤੇ ਪੰਜਾਬ ਦੀ ਨੰਬਰ ਇਕ ਦੁਸ਼ਮਨ ਦਸਿਆ ਜਿਸ ਨੇ 1984 ਵਿੱਚ ਨਾ ਕੇਵਲ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਅਕਾਲ ਤਖ਼ਤ 'ਤੇ ਟੈਂਕਾਂ ਨਾਲ ਫੌਜੀ ਹਮਲਾ ਕਰਵਾ ਕੇ ਸਾਡੇ ਗੁਰੂ ਦਾ ਅਪਮਾਨ ਕੀਤਾ, ਬਾਅਦ ਵਿੱਚ ਨਵੰਬਰ ਸਿੱਖ-ਕਤਲੇਆਮ ਦੌਰਾਨ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਪ੍ਰੋ.ਚੰਦੂਮਾਜਰਾ ਨੇ ਪੰਜਾਬ ਦੇ ਪਾਣੀ, ਪੰਜਾਬ ਦੇ ਹੈਡਵਰਕਸ, ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਪ੍ਰਤੀ ਹੁਣ ਤੱਕ ਕਾਂਗਰਸ ਵੱਲੋਂ ਰਾਜ ਨਾਲ ਹੁੰਦੇ ਆ ਰਹੇ ਧੱਕੇ ਦੀ ਜੰਮ ਕੇ ਨਿਖੇਧੀ ਕੀਤੀ। ਪ੍ਰੋ. ਚੰਦੂਮਾਜਰਾ ਨੇ ਦੇਸ਼ ਵਿੱਚ ਘੱਟ ਗਿਣਤੀਆਂ ਪ੍ਰਤੀ ਵੱਧ ਰਹੀ ਅਸੁੱਰਖਿਆ ਦਾ ਮਾਹੌਲ, ਧਰਮ ਜਾਤ ਤੇ ਪਹਿਰਾਵੇ ਦੇ ਨਾਂ ਤੇ ਹੋ ਰਹੀਆਂ ਹਿੰਸਾਤਮਕ ਕਾਰਵਾਈਆਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਨੂੰ ਸਖ਼ਤੀ ਨਾਲ ਰੋਕਨ ਲਈ 'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਸਾਹਿਬ ਦੇ ਆਖੇ ਬੋਲ 'ਜੀਓ ਅਤੇ ਜੀਨੇ ਦੋ' ਦਾ ਮਾਹੌਲ ਬਨਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਵਾਰ ਦੇਣ 'ਤੇ ਹਿੰਦੁਤਸਾਨ ਵਿੱਚ ਕੌਮੀ, ਹਾਰਮੋਨੀ ਦਾ ਮਾਹੌਲ ਪੇਦਾ ਹੋਇਆ ਜਿਸ ਨੂੰ ਬਰਕਰਾਰ ਰੱਖ ਕੇ ਮੁਲਕ ਨੂੰ ਵੱਖ-ਵੱਖ ਧਰਮਾਂ, ਭਾਸ਼ਾਵਾਂ, ਸਭਿਆਚਾਰ ਦੀ ਖੁਸ਼ਬੂ ਨਾਲ ਮਹਿਕਾਇਆ ਜਾ ਸਕਦਾ ਹੈ।