
ਕਿਹਾ, ਭਾਜਪਾ ਨੂੰ ਡਰਨ ਦੀ ਲੋੜ ਨਹੀਂ, ਮੈਂ ਅੱਜ ਅਡਾਨੀ ਬਾਰੇ ਨਹੀਂ ਬੋਲਾਂਗਾ
ਨਵੀਂ ਦਿੱਲੀ: ਸੰਸਦ 'ਚ ਬੇਭਰੋਸਗੀ ਮਤੇ 'ਤੇ ਬਹਿਸ ਦਾ ਅੱਜ ਦੂਜਾ ਦਿਨ ਹੈ। ਇਸ ਦੌਰਾਨ ਵਿਰੋਧੀ ਧਿਰਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਬਹਿਸ ਦੀ ਸ਼ੁਰੂਆਤ ਕੀਤੀ ਗਈ। ਜਦੋਂ ਰਾਹੁਲ ਗਾਂਧੀ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਸਦਨ ਵਿਚ ਹੰਗਾਮਾ ਸ਼ੁਰੂ ਹੋ ਗਿਆ। ਸੱਭ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਮੈਂ ਲੋਕ ਸਭਾ ਮੈਂਬਰਸ਼ਿਪ ਬਹਾਲ ਕਰਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।
ਭਾਸ਼ਣ ਦੀ ਸ਼ੁਰੂਆਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, “ਪਿਛਲੀ ਵਾਰ ਜਦੋਂ ਮੈਂ ਸੰਸਦ ਵਿਚ ਬੋਲਿਆ ਤਾਂ ਕਈਆਂ ਨੂੰ ਤਕਲੀਫ ਪਹੁੰਚੀ ਸੀ। ਮੈਂ ਅਡਾਨੀ ਬਾਰੇ ਇੰਨਾ ਜ਼ਿਆਦਾ ਬੋਲਿਆ ਕਿ ਕਈ ਸੀਨੀਅਰ ਆਗੂਆਂ ਨੂੰ ਬਹੁਤ ਤਕਲੀਫ ਪਹੁੰਚੀ। ਉਸ ਤਕਲੀਫ ਦਾ ਅਸਰ ਸਪੀਕਰ ਸਾਹਿਬ ਉਤੇ ਵੀ ਹੋਇਆ, ਉਸ ਦੇ ਲਈ ਮੈਂ ਮੁਆਫੀ ਚਾਹੁੰਦਾ ਹਾਂ ਪਰ ਮੈਂ ਬਿਲਕੁਲ ਸੱਚ ਬੋਲਿਆ ਸੀ। ਅੱਜ ਭਾਜਪਾ ਵਾਲਿਆਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਮੇਰਾ ਅੱਜ ਦਾ ਭਾਸ਼ਣ ਅਡਾਨੀ ਬਾਰੇ ਨਹੀਂ ਹੈ। ਇਸ ਲਈ ਭਾਜਪਾ ਵਾਲੇ ਸ਼ਾਂਤ ਰਹਿ ਸਕਦੇ ਹਨ”। ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਂ ਜ਼ਿਆਦਾ ਹਮਲੇ ਨਹੀਂ ਬੋਲਾਂਗਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 130 ਦਿਨ ਲਈ ਮੈਂ ਭਾਰਤ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਗਿਆ, ਇਸ ਸਮੇਂ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ ਬਹੁਤ ਲੋਕ ਸਨ। ਸਮੁੰਦਰ ਦੇ ਤੱਟ ਤੋਂ ਕਸ਼ਮੀਰ ਦੀਆਂ ਬਰਫੀਲੀਆਂ ਪਹਾੜੀਆਂ ਤਕ ਗਿਆ। ਇਹ ਯਾਤਰਾ ਜਾਰੀ ਹੈ, ਹੁਣ ਲੱਦਾਖ ਵੀ ਜ਼ਰੂਰ ਜਾਵਾਂਗੇ। ਇਸ ਯਾਤਰਾ ਦੌਰਾਨ ਕਈ ਲੋਕਾਂ ਨੇ ਮੈਨੂੰ ਪੁਛਿਆ ਕਿ ਤੁਸੀਂ ਕਿਉਂ ਚੱਲ ਰਹੇ ਹੋ, ਤੁਹਾਡਾ ਉਦੇਸ਼ ਕੀ ਹੈ। ਸ਼ੁਰੂਆਤ ਵਿਚ ਮੈਨੂੰ ਖੁਦ ਵੀ ਨਹੀਂ ਪਤਾ ਸੀ ਕਿ ਮੈਂ ਇਹ ਯਾਤਰਾ ਸ਼ੁਰੂ ਕਿਉਂ ਕੀਤੀ ਪਰ ਕੁੱਝ ਸਮੇਂ ਬਾਅਦ ਮੈਨੂੰ ਸਮਝ ਆਉਣ ਲੱਗੀ ਕਿ ਜਿਸ ਚੀਜ਼ ਨਾਲ ਮੈਨੂੰ ਪਿਆਰ ਹੈ, ਜਿਸ ਦੇ ਲਈ ਮੈਂ ਮਰਨ ਲਈ ਤਿਆਰ ਹਾਂ, ਮੋਦੀ ਜੀ ਦੀਆਂ ਜੇਲਾਂ ਵਿਚ ਜਾਣ ਲਈ ਤਿਆਰ ਹਾਂ, ਰੋਜ਼ ਗਾਲਾਂ ਖਾਂਦਾ ਹਾਂ, ਮੈਂ ਉਸ ਨੂੰ ਸਮਝਣਾ ਚਾਹੁੰਦਾ ਸੀ। ਮੈਨੂੰ ਕਈ ਗੱਲਾਂ ਦਾ ਹੰਕਾਰ ਸੀ ਪਰ ਭਾਰਤ ਹਰ ਹੰਕਾਰ ਨੂੰ ਤੋੜ ਦਿੰਦਾ ਹੈ। ਇਸ ਦੌਰਾਨ ਮੈਂ ਜਦੋਂ ਵੀ ਥੱਕਦਾ ਜਾਂ ਡਰਦਾ ਸੀ ਤਾਂ ਮੈਨੂੰ ਕੋਈ ਨਵੀਂ ਸ਼ਕਤੀ ਮਿਲ ਜਾਂਦੀ ਸੀ, ਲੱਖਾਂ ਲੋਕਾਂ ਨੇ ਮੇਰਾ ਸਾਥ ਦਿਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਦੇਸ਼ ਇਕ ਆਵਾਜ਼ ਹੈ, ਇਹ ਦੇਸ਼ ਇਸ ਦੇ ਲੋਕਾਂ ਦਾ ਦਰਦ ਹੈ। ਜੇਕਰ ਅਸੀਂ ਇਸ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਤਾਂ ਸਾਨੂੰ ਅਪਣੇ ਸੁਪਨਿਆਂ ਦੀ ਕੁਰਬਾਨੀ ਦੇਣੀ ਪਵੇਗੀ। ਜਦੋਂ ਤਕ ਹੰਕਾਰ ਅਤੇ ਨਫ਼ਰਤ ਨੂੰ ਖ਼ਤਮ ਨਹੀਂ ਕਰਦੇ ਉਦੋਂ ਤਕ ਸਾਨੂੰ ਇਹ ਆਵਾਜ਼ ਸੁਣਾਈ ਨਹੀਂ ਦੇਵੇਗੀ।
ਤੁਸੀਂ ਮਨੀਪੁਰ ਵਿਚ ‘ਭਾਰਤ’ ਦੀ ਹਤਿਆ ਕੀਤੀ: ਰਾਹੁਲ ਗਾਂਧੀ
ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਮੈਂ ਮਨੀਪੁਰ ਗਿਆ ਪਰ ਸਾਡੇ ਪ੍ਰਧਾਨ ਮੰਤਰੀ ਨਹੀਂ ਗਏ, ਉਨ੍ਹਾਂ ਲਈ ਮਨੀਪੁਰ, ਹਿੰਦੁਸਤਾਨ ਨਹੀਂ ਹੈ। ਅੱਜ ਦੀ ਸੱਚਾਈ ਇਹ ਹੈ ਕਿ ਮਨੀਪੁਰ ਨਹੀਂ ਬਚਿਆ, ਤੁਸੀਂ ਉਸ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ। ਇਨ੍ਹਾਂ ਨੇ ਸਿਰਫ਼ ਮਨੀਪੁਰ ਦੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੀ ਹਤਿਆ ਕੀਤੀ ਹੈ। ਉਥੇ ਰਾਹਤ ਕੈਂਪਾਂ ਵਿਚ ਔਰਤਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਦਰਦਨਾਕ ਹਾਲਾਤ ਦੇਖੇ। ਇਕ ਔਰਤ ਨੇ ਦਸਿਆ ਕਿ ਉਸ ਦੇ ਇਕਲੌਤੇ ਬੱਚੇ ਨੂੰ ਉਸ ਦੇ ਸਾਹਮਣੇ ਗੋਲੀ ਮਾਰ ਦਿਤੀ ਗਈ। ਉਹ ਪੂਰੀ ਰਾਤ ਅਪਣੇ ਬੱਚੇ ਦੀ ਲਾਸ਼ ਕੋਲ ਪਈ ਰਹੀ। ਉਸ ਨੇ ਡਰ ਕਾਰਨ ਅਪਣਾ ਘਰ-ਬਾਰ ਛੱਡ ਦਿਤਾ। ਅਜਿਹੀਆਂ ਕਈ ਉਦਾਹਰਨਾਂ ਹਨ।
ਰਾਹੁਲ ਗਾਂਧੀ ਨੇ ਕਿਹਾ, " ਰਾਵਣ ਸਿਰਫ਼ ਦੋ ਲੋਕਾਂ ਦੀ ਗੱਲ ਸੁਣਦਾ ਸੀ, ਮੇਘਨਾਥ ਅਤੇ ਕੁੰਭਕਰਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਅਮਿਤ ਸ਼ਾਹ ਅਤੇ ਅਡਾਨੀ ਦੀ ਗੱਲ ਸੁਣਦੇ ਨੇ। ਲੰਕਾ ਨੂੰ ਹਨੂਮਾਨ ਨੇ ਨਹੀਂ ਸਗੋਂ ਰਾਵਣ ਦੇ ਹੰਕਾਰ ਨੇ ਸਾੜਿਆ ਸੀ।" ਮਨੀਪੁਰ ਮੁੱਦੇ 'ਤੇ ਸਰਕਾਰ ਨੂੰ ਘੇਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਇਕ ਮਾਂ ਇਥੇ ਬੈਠੀ ਹੈ ਅਤੇ ਮੇਰੀ ਦੂਜੀ ਮਾਂ ਨੂੰ ਮਨੀਪੁਰ 'ਚ ਮਾਰਿਆ ਗਿਆ। ਫੌਜ ਇਕ ਦਿਨ ਵਿਚ ਸਥਿਤੀ ਨੂੰ ਕਾਬੂ ਕਰ ਸਕਦੀ ਹੈ। ਤੁਸੀਂ ਸਾਰੇ ਦੇਸ਼ ਵਿਚ ਮਿੱਟੀ ਦਾ ਤੇਲ ਸੁੱਟ ਰਹੇ ਹੋ, ਤੁਸੀਂ ਦੇਸ਼ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹੋ।
ਦੱਸ ਦੇਈਏ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਇਹ ਉਨ੍ਹਾਂ ਦਾ ਲੋਕ ਸਭਾ ਵਿਚ ਪਹਿਲਾ ਭਾਸ਼ਣ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ (10 ਤਰੀਕ) ਨੂੰ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦੇਣਗੇ। ਮੋਦੀ ਸਰਕਾਰ ਵਿਰੁਧ ਸੰਸਦ 'ਚ ਬੇਭਰੋਸਗੀ ਮਤੇ 'ਤੇ ਚਰਚਾ ਤਿੰਨ ਦਿਨ ਚੱਲੇਗੀ। ਇਸ ਦੇ ਨਾਲ ਹੀ ਇਸ ਚਰਚਾ ਦੌਰਾਨ ਭਾਜਪਾ ਦੇ 5 ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਸਮ੍ਰਿਤੀ ਇਰਾਨੀ, ਜੋਤੀਰਾਦਿਤਿਆ ਸਿੰਧੀਆ ਅਤੇ ਕਿਰਨ ਰਿਜਿਜੂ ਅਤੇ 10 ਸੰਸਦ ਮੈਂਬਰ ਬਹਿਸ ਵਿਚ ਹਿੱਸਾ ਲੈਣਗੇ। ਇਨ੍ਹਾਂ ਸੰਸਦ ਮੈਂਬਰਾਂ ਵਿਚ ਨਿਸ਼ੀਕਾਂਤ ਦੂਬੇ, ਰਾਜਵਰਧਨ ਸਿੰਘ ਰਾਠੌਰ, ਰਮੇਸ਼ ਬਿਧੂੜੀ, ਹਿਨਾ ਗਾਵਿਤ ਸ਼ਾਮਲ ਹਨ। ਦੱਸ ਦੇਈਏ ਕਿ ਮੋਦੀ ਸਰਕਾਰ ਵਿਰੁਧ ਇਹ ਪਹਿਲਾ ਬੇਭਰੋਸਗੀ ਮਤਾ ਹੈ।