ਬੇਸਬਾਲ ਮੈਚ ’ਚ ਟੈਰਿਫ਼ ਖਿਲਾਫ਼ ਦਿਖਾਏ ਇਸ਼ਤਿਹਾਰ ਤੋਂ ਨਾਰਾਜ਼ ਹੋਏ ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ’ਤੇ 10 ਫ਼ੀ ਸਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈੇ। ਉਹ ਸ਼ੁੱਕਰਵਾਰ ਨੂੰ ਇਕ ਬੇਸਬਾਲ ਮੈਚ ’ਚ ਟੈਰਿਫ ਦੇ ਖ਼ਿਲਾਫ਼ ਇਸ਼ਤਿਹਾਰ ਦਿਖਾਉਣ ਤੋਂ ਨਾਰਾਜ਼ ਹੋ ਗਏ। ਦੋ ਦਿਨ ਪਹਿਲਾਂ ਇਸ ਇਸ਼ਤਿਹਾਰ ਕਾਰਨ ਟਰੰਪ ਨੇ ਕੈਨੇਡਾ ਨਾਲ ਟੈਰਿਫ ’ਤੇ ਹੋ ਰਹੀ ਗੱਲਬਾਤ ਰੋਕ ਦਿੱਤੀ ਸੀ।
ਇਸ ਇਸ਼ਤਿਹਾਰ ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ’ਚ ਉਹ ਟੈਰਿਫ ਨੂੰ ਹਰ ਅਮਰੀਕੀ ਦੇ ਲਈ ਨੁਕਸਾਨਦੇਹ ਦੱਸ ਰਹੇ ਸਨ। ਅਮਰੀਕਾ ਨੇ ਕੈਨੇਡਾ ’ਤੇ 35 ਫ਼ੀ ਸਦੀ ਟੈਰਿਫ ਲਗਾ ਰੱਖਿਆ ਹੈ। ਨਵੇਂ ਐਲਾਨ ਤੋਂ ਬਾਅਦ ਇਹ 45 ਫ਼ੀ ਸਦੀ ਹੋ ਜਾਵੇਗਾ। ਭਾਰਤ ਅਤੇ ਬ੍ਰਾਜ਼ੀਲ ਤੋਂ ਬਾਅਦ ਇਹ ਸਭ ਤੋਂ ਜ਼ਿਆਦ ਟੈਰਿਫ ਹੋਵੇਗਾ।
ਇਹ ਇਸ਼ਤਿਹਾਰ ਕੈਨੇਡਾ ਦੇ ਓਂਟਾਰੀਓ ਰਾਜ ਨੇ ਬਣਾਇਆ ਸੀ। ਹਾਲਾਂਕਿ ਟਰੰਪ ਨੇ ਨਾਰਾਜ਼ ਹੋਣ ਤੋਂ ਬਾਅਦ ਓਂਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਐਤਵਾਰ ਨੂੰ ਇਸ ਇਸ਼ਤਿਹਾਰ ਨੂੰ ਵਾਪਸ ਲੈ ਲੈਣਗੇ। ਇਸੇ ਦੌਰਾਨ ਸ਼ੁੱਕਰਵਾਰ ਨੂੰ ਵਰਲਡ ਸੀਰੀਜ਼ ਦੇ ਪਹਿਲੇ ਮੈਚ ਵਿਚ ਇਸ ਇਸ਼ਤਿਹਾਰ ਨੂੰ ਚਲਾਇਆ ਗਿਆ ਸੀ।
ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਟੈਰਿਫ ਵਧਾਉਣ ਨੂੰ ਲੈ ਕੇ ਸ਼ੋਸ਼ਲ ਮੀਡੀਅ ’ਤੇ ਪੋਸਟ ਕੀਤਾ ਅਤੇ ਕਿਹਾ ਕਿ ਕੈਨੇਡਾ ਰੰਗੇ ਹੱਥੀਂ ਫੜਿਆ ਗਿਆ ਹੈ, ਜਿਸ ਨੇ ਰੋਨਾਲਡ ਰੀਗਨ ਦੇ ਟੈਰਿਫ ’ਤੇ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਇਕ ਫਰਜ਼ੀ ਇਸ਼ਤਿਹਾਰ ਚਲਾਇਆ।
