
'ਗਰੀਬਾਂ ਨੂੰ ਕਰਜ਼ਾ ਦੇਣਾ ਸਮਾਜਵਾਦ ਦਾ ਇਕ ਰੂਪ ਹੈ'
ਨਵੀਂ ਦਿੱਲੀ : ਸ਼੍ਰੀਰਾਮ ਗਰੁੱਪ ਦੇ ਸੰਸਥਾਪਕ ਆਰ ਥਿਆਗਰਾਜਨ ਨੇ ਆਪਣੇ ਛੋਟੇ ਜਿਹੇ ਘਰ ਅਤੇ 5,000 ਡਾਲਰ ਦੀ ਕਾਰ ਨੂੰ ਛੱਡ ਕੇ ਲਗਭਗ ਸਾਰੀ ਦੌਲਤ ਕਰਮਚਾਰੀਆਂ ਨੂੰ ਦਾਨ ਕਰ ਦਿਤੀ ਹੈ। ਬਲੂਮਬਰਗ ਨੂੰ ਦਿਤੇ ਇੰਟਰਵਿਊ 'ਚ 86 ਸਾਲਾ ਤਿਆਗਰਾਜਨ ਨੇ ਕਿਹਾ- ਮੈਂ 75 ਕਰੋੜ ਡਾਲਰ (ਲਗਭਗ 6 ਹਜ਼ਾਰ ਕਰੋੜ ਰੁਪਏ) ਦਾਨ ਕੀਤਾ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਦਾਨ ਕਦੋਂ ਦਿਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮੈਂ ਥੋੜਾ ਜਿਹਾ ਖੱਬੇਪੱਖੀ ਹਾਂ, ਪਰ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਤੋਂ ਕੁਝ ਬੁਰਾਈਆਂ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਵਿਚ ਉਹ ਉਲਝੇ ਹੋਏ ਹਨ। ਇਸ ਦੇ ਨਾਲ ਹੀ ਤਿਆਗਰਾਜਨ ਨੇ ਕਿਹਾ- ਮੈਂ ਇਹ ਸਾਬਤ ਕਰਨ ਲਈ ਵਿੱਤ ਉਦਯੋਗ ਵਿੱਚ ਆਇਆ ਹਾਂ ਕਿ ਕ੍ਰੈਡਿਟ ਹਿਸਟਰੀ ਅਤੇ ਨਿਯਮਤ ਆਮਦਨ ਦੇ ਬਿਨਾਂ ਲੋਕਾਂ ਨੂੰ ਕਰਜ਼ਾ ਦੇਣਾ ਓਨਾ ਜੋਖ਼ਮ ਭਰਿਆ ਨਹੀਂ ਹੈ ਜਿੰਨਾ ਇਹ ਮੰਨਿਆ ਜਾਂਦਾ ਹੈ।
ਤਿਆਗਰਾਜਨ ਨੇ ਕਿਹਾ ਕਿ ਗਰੀਬਾਂ ਨੂੰ ਕਰਜ਼ਾ ਦੇਣਾ ਸਮਾਜਵਾਦ ਦਾ ਇਕ ਰੂਪ ਹੈ। ਅਸੀਂ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ।
ਇੰਟਰਵਿਊ 'ਚ ਜਦੋਂ ਤਿਆਗਰਾਜਨ ਤੋਂ ਪੁੱਛਿਆ ਗਿਆ ਕਿ ਸ਼੍ਰੀਰਾਮ ਗਰੁੱਪ ਲੋਕਾਂ ਲਈ ਵੱਖਰਾ ਕੀ ਹੈ? ਇਸ ਬਾਰੇ, ਉਨ੍ਹਾਂ ਨੇ ਕਿਹਾ, "ਉਦਾਹਰਣ ਵਜੋਂ, ਗਰੁੱਪ ਲੋਕਾਂ ਦੇ ਕ੍ਰੈਡਿਟ ਸਕੋਰਾਂ ਨੂੰ ਨਹੀਂ ਵੇਖਦਾ, ਕਿਉਂਕਿ ਜ਼ਿਆਦਾਤਰ ਗਾਹਕ ਰਸਮੀ ਵਿੱਤ ਦਾ ਹਿੱਸਾ ਨਹੀਂ ਹਨ।
ਸ਼੍ਰੀਰਾਮ ਫਾਈਨਾਂਸ ਭਾਰਤ ਵਿਚ ਇਕ ਪ੍ਰਮੁੱਖ ਗੈਰ ਬੈਂਕਿੰਗ ਫਾਈਨਾਂਸ ਕੰਪਨੀ (NBFC) ਵਿਚੋਂ ਇੱਕ ਹੈ ਜੋ ਨਿੱਜੀ ਲੋਨ, ਵਪਾਰਕ ਲੋਨ, ਵਾਹਨ ਲੋਨ ਤੋਂ ਲੈ ਕੇ ਬਹੁਤ ਸਾਰੇ ਕਰਜ਼ਿਆਂ ਦੀ ਪੇਸ਼ਕਸ਼ ਕਰਦੀ ਹੈ। ਇਸ ਦੇ ਨਾਲ ਹੀ ਕੰਪਨੀ ਬੀਮਾ ਵੀ ਦਿੰਦੀ ਹੈ। ਰਿਪੋਰਟ ਮੁਤਾਬਕ ਇਸ ਸਮੇਂ ਇਸ ਗਰੁੱਪ 'ਚ 1 ਲੱਖ 8 ਹਜ਼ਾਰ ਕਰਮਚਾਰੀ ਹਨ।
ਸ਼੍ਰੀਰਾਮ ਫਾਈਨਾਂਸ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 25.13% ਦੇ ਵਾਧੇ ਨਾਲ 1675 ਕਰੋੜ ਦਾ ਮੁਨਾਫਾ ਕਮਾਇਆ ਹੈ। ਇਕ ਸਾਲ ਪਹਿਲਾਂ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ 'ਚ ਕੰਪਨੀ ਨੂੰ 1338.95 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਇਸ ਨਾਲ ਕੰਪਨੀ ਦੀ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) ਜੂਨ ਤਿਮਾਹੀ 'ਚ 11.31 ਫੀਸਦੀ ਸਾਲ ਦਰ ਸਾਲ ਵਧ ਕੇ 4435.27 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 3,984.44 ਕਰੋੜ ਰੁਪਏ ਸੀ।