ਮੁਲਜ਼ਮ ਨੂੰ ਫੜਨ ਵਾਲੀ ਪੁਲਿਸ ਟੀਮ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ
ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ’ਚ ਔਰਤਾਂ ਦੀ ਲੜੀਵਾਰ ਹੱਤਿਆ ਦੇ ਦੋਸ਼ ’ਚ ਸ਼ੁਕਰਵਾਰ ਨੂੰ ਇਕ ‘ਸਾਈਕੋ ਕਿਲਰ’ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਉਸ ਨੇ ਛੇ ਔਰਤਾਂ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲ ਕਰ ਲਈ ਹੈ।
ਬਰੇਲੀ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐੱਸ.ਐੱਸ.ਪੀ.) ਅਨੁਰਾਗ ਆਰੀਆ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਪੁਲਿਸ ਨੇ ਤਿੰਨ ਦਿਨ ਪਹਿਲਾਂ ਤਿੰਨ ਸਕੈਚ ਜਾਰੀ ਕੀਤੇ ਸਨ ਅਤੇ ਪੁਲਿਸ ਨੇ ਉਸ ਵਰਗੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦਸਿਆ ਕਿ ਮੁਲਜ਼ਮ ਨੂੰ ਫੜਨ ਵਾਲੀ ਪੁਲਿਸ ਟੀਮ ਨੂੰ 25,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਕੁਲਦੀਪ (35) ਵਜੋਂ ਹੋਈ ਹੈ, ਜੋ ਜ਼ਿਲ੍ਹੇ ਦੇ ਨਵਾਬਗੰਜ ਥਾਣਾ ਖੇਤਰ ਦੇ ਬਾਕਰਗੰਜ ਸਨੂਆ ਪਿੰਡ ਦਾ ਰਹਿਣ ਵਾਲਾ ਹੈ।
ਉਨ੍ਹਾਂ ਦਸਿਆ ਕਿ ਮੁਖਬਰ ਦੀ ਜਾਣਕਾਰੀ ਦੀ ਮਦਦ ਨਾਲ ਪਹਿਲਾਂ ਤਿਆਰ ਕੀਤੇ ਗਏ ਸਕੈਚ ਅਤੇ ਉਪਲਬਧ ਵੀਡੀਉ ਦੀ ਪਛਾਣ ਕੀਤੀ ਗਈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰੀਆ ਨੇ ਕਿਹਾ ਕਿ ਮੁਲਜ਼ਮ ਨੇ ਪੁੱਛ-ਪੜਤਾਲ ਦੌਰਾਨ ਛੇ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੁੱਖ ਸ਼ਾਹੀ ਅਤੇ ਸ਼ੀਸ਼ਗੜ੍ਹ ਥਾਣਾ ਖੇਤਰਾਂ ’ਚ ਸਾਲ 2023 ਤੋਂ 2024 ਤਕ ਲਗਾਤਾਰ ਸੁੰਨਸਾਨ ਥਾਵਾਂ ’ਤੇ ਛੇ ਦਰਮਿਆਨੀ ਉਮਰ ਦੀਆਂ ਔਰਤਾਂ ਦਾ ਗਲਾ ਘੁੱਟ ਕੇ ਕਤਲ ਕਰਨ ਦੀਆਂ ਘਟਨਾਵਾਂ ਵਾਪਰੀਆਂ।
ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਘਟਨਾਵਾਂ ਦੇ ਸਬੰਧ ’ਚ ਸ਼ਾਹੀ ਅਤੇ ਸ਼ੀਸ਼ਗੜ੍ਹ ਥਾਣੇ ’ਚ ਕਤਲ ਦੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ‘ਆਪਰੇਸ਼ਨ ਤਲਾਸ਼’ ਮੁਹਿੰਮ ਚਲਾਈ ਗਈ ਸੀ ਅਤੇ ਜ਼ਿਲ੍ਹੇ ਦੇ ਹੁਨਰਮੰਦ ਪੁਲਿਸ ਮੁਲਾਜ਼ਮਾਂ ਨੂੰ ਸ਼ਾਰਟਲਿਸਟ ਕਰ ਕੇ ਕੁਲ 22 ਟੀਮਾਂ ਬਣਾਈਆਂ ਗਈਆਂ ਸਨ।
ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ 25 ਕਿਲੋਮੀਟਰ ਦੇ 1500 ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਗਈ ਅਤੇ 600 ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਨੇ ਪਹਿਲਾਂ ਔਰਤ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਅਤੇ ਜਦੋਂ ਉਸ ਨੇ ਇਨਕਾਰ ਕਰ ਦਿਤਾ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ।
ਉਨ੍ਹਾਂ ਕਿਹਾ ਕਿ ਸਾਰੀਆਂ ਘਟਨਾਵਾਂ ਸ਼ਾਹੀ ਅਤੇ ਸ਼ੀਸ਼ਗੜ੍ਹ ਇਲਾਕਿਆਂ ’ਚ ਵਾਪਰੀਆਂ। ‘ਸਾਈਕੋ ਕਿਲਰ’ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਉਸ ਨੂੰ ਮੌਕੇ ’ਤੇ ਲੈ ਗਈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਅਤੇ ਸਾਰੀਆਂ ਔਰਤਾਂ ਦੇ ਕਤਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ।
ਅਧਿਕਾਰੀ ਨੇ ਦਸਿਆ ਕਿ ਸਾਈਕੋ ਕਿਲਰ ਵਲੋਂ ਨਿਸ਼ਾਨਾ ਬਣਾਈਆਂ ਗਈਆਂ ਸਾਰੀਆਂ ਔਰਤਾਂ ਦਰਮਿਆਨੀ ਉਮਰ ਦੀਆਂ ਸਨ। ਇਸ ਤੋਂ ਇਲਾਵਾ ਸਾਰਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਗਿਆ।
ਉਸ ਨੇ ਦਸਿਆ ਕਿ ਕਤਲ ਤੋਂ ਪਹਿਲਾਂ ਦੋਸ਼ੀ ਉਸ ਨਾਲ ਛੇੜਛਾੜ ਕਰਦਾ ਸੀ। ਘਟਨਾ ਦੌਰਾਨ ਸਾਰੀਆਂ ਔਰਤਾਂ ਇਕੱਲੀਆਂ ਸਨ। ਉਹ ਔਰਤਾਂ ਤੋਂ ਪਹਿਲਾਂ ਲੰਮੇ ਸਮੇਂ ਤਕ ਉਨ੍ਹਾਂ ਨਾਲ ਗੱਲ ਕਰਦਾ ਸੀ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਹ ਉਨ੍ਹਾਂ ਨੂੰ ਮਾਰ ਦਿੰਦਾ ਸੀ। ਪੁਲਿਸ ਨੇ ਦਸਿਆ ਕਿ ਕੁਲਦੀਪ ਕੁਮਾਰ ਕੋਲੋਂ ਮਾਰੀਆਂ ਗਈਆਂ ਔਰਤਾਂ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ।