
ਟੀ.ਡੀ.ਪੀ. ਵਰਕਰਾਂ ਵਲੋਂ ਕਈ ਥਾਵਾਂ ’ਤੇ ਪ੍ਰਦਰਸ਼ਨ
ਨੰਦਿਆਲ (ਆਂਧਰ ਪ੍ਰਦੇਸ਼): ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਚੰਦਰ ਬਾਬੂ ਨਾਇਡੂ ਨੂੰ 371 ਕਰੋੜ ਰੁਪਏ ਦੇ ਕਥਿਤ ਹੁਨਰ ਵਿਕਾਸ ਘਪਲੇ ਦੇ ਸਿਲਸਿਲੇ ’ਚ ਸਨਿਚਰਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਸਾਰੀਆਂ ਸਹੂਲਤਾਂ ਨਾਲ ਲੈਸ ਉਨ੍ਹਾਂ ਦੀ ਬਸ ਦਾ ਦਰਵਾਜ਼ਾ ਖਟਖਟਾਇਆ, ਜਿਸ ’ਚ ਉਹ ਸੌਂ ਰਹੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਆਂਧਰ ਪ੍ਰਦੇਸ਼ ਪੁਲਿਸ ਨੇ ਕਿਹਾ ਕਿ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਟੀਮ ਨੇ ਆਂਧਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੂੰ ਸਵੇਰੇ ਲਗਭਗ ਛੇ ਵਜੇ ਨੰਦਿਆਲ ਸ਼ਹਿਰ ਦੇ ਗਿਆਨਪੁਰਮ ਸਥਿਤ ਆਰ.ਕੇ. ਫ਼ੰਕਸ਼ਨ ਹਾਲ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ, ਜਿੱਥੇ ਉਨ੍ਹਾਂ ਦੀ ਬਸ ਖੜੀ ਸੀ।
ਨਾਇਡੂ ਨੂੰ ਦਿਤੇ ਨੋਟਿਸ ’ਚ ਸੀ.ਆਈ.ਡੀ. ਦੀ ਆਰਥਕ ਅਪਰਾਧ ਬ੍ਰਾਂਚ (ਈ.ਓ.ਡਬਲਿਊ.) ਦੇ ਪੁਲਿਸ ਡਿਪਟੀ ਸੂਪਰਡੈਂਟ ਐਮ. ਧਨੰਜੂਡੁ ਨੇ ਕਿਹਾ, ‘‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਸਵੇਰੇ ਛੇ ਵਜੇ ਨੰਦਿਆਲ ਸ਼ਹਿਰ ਦੇ ਗਿਆਨਪੁਰਮ ਸਥਿਤ ਮੁਲਸਾਗਰਮ ਦੇ ਘਰੋਂ ਆਰ.ਕੇ. ਫ਼ੰਕਸ਼ਨ ਹਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹ ਇਕ ਗ਼ੈਰ-ਜ਼ਮਾਨਤੀ ਅਪਰਾਧ ਹੈ।’’
ਨੋਟਿਸ ਮੁਤਾਬਕ ਨਾਇਡੂ ਨੂੰ ਆਈ.ਪੀ.ਸੀ. ਦੀ ਧਾਰਾ 120ਬੀ (ਅਪਰਾਧਕ ਸਾਜ਼ਸ਼), 420 (ਧੋਖਾਧੜੀ) ਅਤੇ 465 (ਜਾਲਸਾਜ਼ੀ) ਸਮੇਤ ਹੋਰ ਧਾਰਾਵਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੋਟਿਸ ਅਨੁਸਾਰ, ਆਂਧਰ ਪ੍ਰਦੇਸ਼ ਸੀ.ਆਈ.ਡੀ. ਨੇ ਸਾਬਕਾ ਮੁੱਖ ਮੰਤਰੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਐਕਟ (ਪੀ.ਐਮ.ਐੱਲ.ਏ.) ਦੀਆਂ ਧਾਰਾਵਾਂ ਵੀ ਲਾਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਨਾਇਡੂ ਨੂੰ ਨੋਟਿਸ ਦੰਡ ਪ੍ਰਕਿਰਿਆ ਸੰਹਿਤਾ (ਸੀ.ਆਰ.ਪੀ.ਸੀ.) ਦੀ ਧਾਰਾ 50(1) (2) ਹੇਠ ਦਿਤਾ ਗਿਆ ਹੈ।
ਅਨੰਤਪੁਰ ਜ਼ਿਲ੍ਹੇ ਦੇ ਰਾਇਡੁਰਗਾਮ ’ਚ ਪਿੱਛੇ ਜਿਹੇ ਹੋਈ ਇਕ ਬੈਠਕ ’ਚ ਨਾਇਡੂ ਨੇ ਸੰਕੇਤ ਦਿਤਾ ਸੀ ਕਿ ਉਨ੍ਹਾਂ ’ਤੇ ਛੇਤੀ ਹੀ ਹਮਲਾ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਸ ਦੌਰਾਨ, ਟੀ.ਡੀ.ਪੀ. ਦੇ ਅਧਿਕਾਰਤ ‘ਐਕਸ’ ਹੈਂਡਲ ’ਤੇ ਪੁਲਿਸ ਵਲੋਂ ਨਾਇਡੂ ਨੂੰ ਬੱਸ ਤੋਂ ਗ੍ਰਿਫਤਾਰ ਕਰਨ ਦੀਆਂ ਨਾਟਕੀ ਵੀਡੀਉ ਸਾਂਝੀਆਂ ਕੀਤੀਆਂ ਗਈਆਂ ਹਨ। ਵੀਡੀਉ ’ਚ ਵੇਖਿਆ ਜਾ ਰਿਹਾ ਹੈ ਕਿ ਟੀ.ਡੀ.ਪੀ. ਨੇਤਾ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰ ਰਹੇ ਹਨ। ਨਾਇਡੂ ਕੁਰਨੂਲ ਜ਼ਿਲ੍ਹੇ ਦੇ ਬਨਾਗਨਪੱਲੀ ਵਿਖੇ ‘ਬਾਬੂ ਸ਼ਿਉਰਿਟੀ-ਭਵਿਸ਼ਯਥੁੱਕੂ ਗਾਰੰਟੀ’ ਪ੍ਰੋਗਰਾਮ ਤਹਿਤ ਔਰਤਾਂ ਦੇ ਇਕੱਠ ਨੂੰ ਸੰਬੋਧਿਤ ਕਰਨ ਤੋਂ ਬਾਅਦ ਨੰਡਿਆਲ ਵਿਚ ਅਪਣੀ ਬੱਸ ’ਚ ਆਰਾਮ ਕਰ ਰਹੇ ਸਨ ਜਦੋਂ ਸ਼ਨਿਚਰਵਾਰ ਤੜਕੇ ਪੁਲਿਸ ਨੇ ਉਨ੍ਹਾਂ ਨੂੰ ਜਗਾਇਆ। ਪੁਲਿਸ ਨਾਇਡੂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੀ ਬੱਸ ਦਾ ਦਰਵਾਜ਼ਾ ਖੜਕਾਉਂਦੀ ਦਿਖਾਈ ਦਿਤੀ। ਕੁਝ ਵੀਡੀਉ ’ਚ ਟੀ.ਡੀ.ਪੀ. ਮੁਖੀ ਨੂੰ ਵਿਆਹ ਵਾਲੀ ਥਾਂ ’ਤੇ ਬੈਠ ਕੇ ਅਧਿਕਾਰੀਆਂ ਨਾਲ ਗੱਲ ਕਰਦੇ ਵੇਖਿਆ ਗਿਆ।
ਨਾਇਡੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਟੀ.ਡੀ.ਪੀ. ਵਲੋਂ ਪੋਸਟ ਕੀਤੇ ਗਏ ਇਕ ਵੀਡੀਉ ’ਚ, ਪਾਰਟੀ ਮੁਖੀ ਪੁਲਿਸ ਨੂੰ ਐਫ.ਆਈ.ਆਰ. ਦੀ ਇਕ ਕਾਪੀ ਦੇਣ ਦੀ ਮੰਗ ਕਰਦੇ ਵੇਖਿਆ ਗਿਆ ਸੀ। ਨਾਇਡੂ ਨੇ ਕਿਹਾ, ‘‘ਤੁਸੀਂ ਐਫ.ਆਈ.ਆਰ. ’ਚ ਮੇਰਾ ਨਾਂ ਦਰਜ ਕੀਤੇ ਬਿਨਾਂ ਜਾਂ ਐਫ.ਆਈ.ਆਰ. ਦੀ ਕਾਪੀ ਪ੍ਰਦਾਨ ਕੀਤੇ ਬਿਨਾਂ ਮੈਨੂੰ ਗ੍ਰਿਫਤਾਰ ਕਿਵੇਂ ਕਰ ਸਕਦੇ ਹੋ। ਤੁਹਾਨੂੰ ਮੈਨੂੰ ਸਾਰੀ ਜਾਣਕਾਰੀ ਦੇਣੀ ਪਵੇਗੀ।’’ ਨਾਇਡੂ ਦੇ ਪਿੱਛੇ ਬੈਠੇ ਇਕ ਹੋਰ ਟੀ.ਡੀ.ਪੀ. ਨੇਤਾ ਨੇ ਪੁਲਿਸ ਨੂੰ ਵਿਰੋਧੀ ਨੇਤਾ ਨੂੰ ਗ੍ਰਿਫਤਾਰ ਕਰਨ ਲਈ ਪਹਿਲੀ ਨਜ਼ਰੇ ਕਾਰਨ ਦੇਣ ਦੀ ਮੰਗ ਕੀਤੀ।
371 ਕਰੋੜ ਰੁਪਏ ਦੀਆਂ ਕਥਿਤ ਬੇਨਿਯਮੀਆਂ ਵਾਲੇ ਹੁਨਰ ਵਿਕਾਸ ਘੁਟਾਲੇ ਦੇ ਸੰਦਰਭ ’ਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਦੋ ਸਾਲ ਪੁਰਾਣਾ ਮਾਮਲਾ ਹੈ। ਟੀ.ਵੀ. ’ਤੇ ਪ੍ਰਸਾਰਿਤ ਕੀਤੇ ਗਏ ਦ੍ਰਿਸ਼ਾਂ ’ਚ ਵਿਖਾਇਆ ਗਿਆ ਹੈ ਕਿ ਟੀ.ਡੀ.ਪੀ. ਵਰਕਰ ਸੂਬੇ ਅੰਦਰ ਕੁਝ ਥਾਵਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਦੇ ਸਲਾਹਕਾਰ ਐਸ. ਰਾਮਕ੍ਰਿਸ਼ਨ ਰੈੱਡੀ ਨੇ ਮੀਡੀਆ ਨੂੰ ਦਸਿਆ ਕਿ ਆਰਥਕ ਅਪਰਾਧ ਦੇ ਮਾਮਲਿਆਂ ’ਚ ਪੁਲਿਸ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਐਫ.ਆਈ.ਆਰ. ’ਚ ਮੁਲਜ਼ਮ ਦਾ ਨਾਂ ਨਹੀਂ ਹੈ ਤਾਂ ਵੀ ਨੋਟਿਸ ਦੇਣ ਦੀ ਲੋੜ ਨਹੀਂ ਹੈ।
ਧਰਤੀ ’ਤੇ ਕੋਈ ਤਾਕਤ ਮੈਨੂੰ ਨਹੀਂ ਰੋਕ ਸਕਦੀ : ਨਾਇਡੂ
ਅਮਰਾਵਤੀ: ਕਥਿਤ ਬਹੁ-ਕਰੋੜੀ ਹੁਨਰ ਵਿਕਾਸ ਘਪਲੇ ’ਚ ਅਪਣੀ ਗ੍ਰਿਫਤਾਰੀ ਤੋਂ ਘੰਟੇ ਬਾਅਦ, ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਉਹ ਤੇਲਗੂ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਅਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ ਅਤੇ ਕੋਈ ਵੀ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕਦੀ।
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਾਇਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ, ‘‘ਪਿਛਲੇ 45 ਸਾਲਾਂ ਤੋਂ ਮੈਂ ਨਿਰਸਵਾਰਥ ਹੋ ਕੇ ਤੇਲਗੂ ਲੋਕਾਂ ਦੀ ਸੇਵਾ ਕੀਤੀ ਹੈ। ਮੈਂ ਤੇਲਗੂ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਅਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਧਰਤੀ ਦੀ ਕੋਈ ਵੀ ਤਾਕਤ ਮੈਨੂੰ ਤੇਲਗੂ ਲੋਕਾਂ, ਮੇਰੇ ਆਂਧਰਾ ਪ੍ਰਦੇਸ਼ ਅਤੇ ਮੇਰੀ ਮਾਤ ਭੂਮੀ ਦੀ ਰਾਖੀ ਕਰਨ ਤੋਂ ਨਹੀਂ ਰੋਕ ਸਕਦੀ।’’
ਉਨ੍ਹਾਂ ਨੇ ਅਪਣੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਵਰਤਣ। ਨਾਇਡੂ ਨੇ ਕਿਹਾ, ‘‘ਆਖਰਕਾਰ ਸੱਚ ਅਤੇ ਧਰਮ ਦੀ ਜਿੱਤ ਹੋਵੇਗੀ। ਉਹ ਮੇਰੇ ਨਾਲ ਜੋ ਵੀ ਕਰਨਗੇ, ਮੈਂ ਲੋਕਾਂ ਲਈ ਅੱਗੇ ਵਧਾਂਗਾ।’’
ਕੀ ਹੈ ਮਾਮਲਾ?
ਆਂਧਰ ਪ੍ਰਦੇਸ਼ ਦੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੇ ਮੁਖੀ ਐਨ. ਸੰਜੇ ਸਿੰਘ ਨੇ ਕਿਹਾ ਕਿ ਨਾਇਡੂ ਨੂੰ ਹੁਨਰ ਵਿਕਾਸ ਨਿਗਮ ’ਚ ਪੈਸੇ ਦੀ ਕਥਿਤ ਹੇਰਾਫੇਰੀ ਨਾਲ ਜੁੜੇ 550 ਕਰੋੜ ਰੁਪਏ ਦੇ ਘਪਲੇ ਬਾਬਤ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਇਡੂ ਦੀ ਗ੍ਰਿਫ਼ਤਾਰ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ’ਚ ਇਹ ਵੇਖਿਆ ਗਿਆ ਹੈ ਕਿ ਪੈਸੇ ਦੀ ਹੇਰਾਫੇਰੀ ਨਾਲ ਨਾਇਡੂ ਅਤੇ ਟੀ.ਡੀ.ਪੀ. ਨੂੰ ਲਾਭ ਹੋਇਆ।
ਉਨ੍ਹਾਂ ਕਿਹਾ, ‘‘ਪੂਰੀ ਯੋਜਨ ਪਿੱਛੇ ਮੁੱਖ ਸਾਜ਼ਸ਼ਕਰਤਾ, ਜਿਸ ਨੇ ਮੁਖੌਟਾ ਕੰਪਨੀਆਂ ਜ਼ਰੀਏ ਸਰਕਾਰ ਤੋਂ ਨਿਜੀ ਸੰਸਥਾਵਾਂ ’ਚ ਜਨਤਕ ਪੈਸੇ ਦੇ ਟਰਾਂਸਫ਼ਰ ਦੀ ਸਾਜ਼ਸ਼ ਰਚੀ, ਉਸ ਨੇ ਸਾਰ ਕੰਮ ਸ੍ਰੀ ਨਾਰਾ ਚੰਦਰਬਾਬੂ ਨਾਇਡੂ ਦੀ ਅਗਵਾਈ ’ਚ ਕੀਤਾ।’’ ਸੀ.ਆਈ.ਡੀ. ਮੁਖੀ ਨੇ ਕਿਹਾ ਕਿ ਨਾਇਡੂ ਕੋਲ ਸਮੇਂ-ਸਮੇਂ ’ਤੇ ਸਰਕਾਰੀ ਹੁਕਮ ਜਾਰੀ ਕਰਨ ਅਤੇ ਸਮਝੌਤਾ ਦਸਤਾਵੇਜ਼ ਲਈ ਲੈਣ-ਦੇਣ ਦੀ ਵਿਸ਼ੇਸ਼ ਜਾਣਕਾਰੀ ਸੀ, ਜੋ ਉਨ੍ਹਾਂ ਨੂੰ ਜਾਂਚ ਦੇ ਕੇਂਦਰ ’ਚ ਖੜਾ ਕਰਦੀ ਹੈ।