ਹਰਿਆਣਾ ਦੇ ਫਤਿਹਾਬਾਦ ਜਿਲੇ ਦੇ ਸਵਾਮੀ ਨਗਰ ਵਿਚ 6 ਦਿਨ ਦੀ ਬੱਚੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਰਿਆਣਾ, ( ਪੀਟੀਆਈ) : ਹਰਿਆਣਾ ਦੇ ਫਤਿਹਾਬਾਦ ਜਿਲੇ ਦੇ ਸਵਾਮੀ ਨਗਰ ਵਿਚ 6 ਦਿਨ ਦੀ ਬੱਚੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਕਤਲ ਦਾ ਦੋਸ਼ ਉਸਦੇ ਅਪਣੇ ਪਿਤਾ ਤੇ ਹੀ ਲਗਾ ਹੈ। ਗੁਆਂਢੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਡੀਸੀ ਦੀ ਜਾਣਕਾਰੀ ਵਿਚ ਮਾਮਲਾ ਲਿਆਂਦਾ ਅਤੇ ਡਿਊਟੀ ਮਜਿਸਟਰੇਟ ਦੀ ਨਿਯੁਕਤੀ ਕਰਵਾਉਂਦੇ ਹੋਏ ਸ਼ਮਸ਼ਾਨਘਾਟ ਵਿਚ ਦਫਨ ਬੱਚੀ ਦੀ ਲਾਸ਼ ਕਢਵਾਈ। ਬੱਚੀ ਦੀ ਲਾਸ਼ ਨੂੰ ਬੋਰਡ ਰਾਹੀ ਮੈਡੀਕਲ ਲਈ ਭੇਜਿਆ ਗਿਆ ਹੈ।
ਉਥੇ ਪੁਲਿਸ ਨੇ ਦੋਸ਼ੀ ਪਿਤਾ ਦੀ ਨਿਸ਼ਾਨਦੇਹੀ ਤੇ ਸ਼ਮਸ਼ਾਨ ਤੋਂ ਬੱਚੀ ਦੀ ਲਾਸ਼ ਨੂੰ ਕੱਢਵਾਉਣ ਤੋਂ ਬਾਅਦ ਉਸ ਤੋਂ ਪੁਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਦੋਸ਼ੀ ਪਿਤਾ ਦੇ ਗੁਆਂਢ ਵਿਚ ਰਹਿਣ ਵਾਲੀ ਔਰਤ ਨੇ ਦਸਿਆ ਕਿ 30 ਸਤੰਬਰ ਨੂੰ ਬੱਚੀ ਦਾ ਜਨਮ ਹੋਇਆ ਸੀ ਅਤੇ ਉਹ ਹਸਪਤਾਲ ਵਿਚ ਬੱਚੀ ਅਤੇ ਉਸਦੀ ਮਾਂ ਨੂੰ ਮਿਲਕੇ ਆਈ ਸੀ। ਇਸ ਤੋਂ ਬਾਅਦ ਬੱਚੀ ਦੀ ਮਾਂ ਦੀ ਸਿਹਤ ਖਰਾਬ ਹੋਈ ਤਾਂ ਉਸਨੂੰ ਅਗਰੋਹਾ ਭੇਜਿਆ ਗਿਆ। ਅਗਰੋਹਾ ਮੈਡੀਕਲ ਤੋਂ ਠੀਕ ਹੋਣ ਤੋਂ ਬਾਅਦ ਬੱਚੀ ਅਤੇ ਉਸਦੀ ਮਾਂ ਘਰ ਆ ਗਈਆਂ ਸਨ। ਉਹ ਵੀ ਰੋਜ ਬੱਚੀ ਅਤੇ ਉਸਦੀ ਮਾਂ ਨੂੰ ਮਿਲਣ ਜਾਂਦੀ ਸੀ ਅਤੇ ਦੋਹਾਂ ਦੀ ਸਿਹਤ ਠੀਕ ਸੀ।
ਸ਼ਿਕਾਇਤ ਵਿਚ ਔਰਤ ਨੇ ਦਸਿਆ ਕਿ 7 ਅਕਤੂਬਰ ਨੂੰ ਅਚਾਨਕ ਬੱਚੀ ਦੀ ਮੌਤ ਹੋ ਗਈ। ਜਦੋਂ ਅਸੀ ਬੱਚੀ ਦੀ ਮਾਂ ਦੀ ਰੋਣ ਦੀ ਆਵਾਜ਼ ਸੁਣੀ ਤਾਂ ਅਸੀਂ ਗੁਆਂਢੀ ਮੌਕੇ ਤੇ ਗਏ। ਬੱਚੀ ਦੀ ਮਾਂ ਆਪਣੇ ਪਤੀ ਨੂੰ ਬੱਚੀ ਦੀ ਮੌਤ ਲਈ ਮਾੜਾ-ਚੰਗਾ ਬੋਲ ਰਹੀ ਸੀ। ਜਦੋਂ ਡਾਕਟਰ ਨੂੰ ਮੌਕੇ ਤੇ ਬੁਲਾਇਆ ਗਿਆ ਤਾਂ ਦੋਸ਼ੀ ਪਿਤਾ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ ਅਤੇ ਲਾਸ਼ ਨੂੰ ਸ਼ਮਸ਼ਾਨ ਵਿਚ ਦਫਨ ਕਰ ਆਇਆ। ਸ਼ਿਕਾਇਤ ਕਰਨ ਵਾਲੀ ਔਰਤ ਦਾ ਦੋਸ਼ ਹੈ ਕਿ ਪਿਤਾ ਨੇ ਬੱਚੀ ਦਾ ਕਤਲ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕਰਦੇ ਹੋਏ
ਉਸਦੇ ਪਿਤਾ ਨੂੰ ਹਿਰਾਸਤ ਵਿਚ ਲਿਆ ਅਤੇ ਦੋਸ਼ੀ ਪਿਤਾ ਦੀ ਨਿਸ਼ਾਨਦੇਹੀ ਤੇ ਪੁਲਿਸ, ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਟੀਮ ਨੇ ਡਿਊਟੀ ਮਜਿਸਟਰੇਟ ਦੀ ਮੌਜੂਦਗੀ ਵਿਚ ਸ਼ਮਸ਼ਾਨ ਤੋਂ ਬੱਚੀ ਦੀ ਲਾਸ਼ ਕਢਵਾਈ। ਡੀਐਸਪੀ ਧਰਮਬੀਰ ਪੂਨੀਆ ਨੇ ਦਸਿਆ ਕਿ ਲਾਸ਼ ਨੂੰ ਕਢਵਾ ਕੇ ਮੈਡੀਕਲ ਬੋਰਡ ਕੋਲ ਜਾਂਚ ਲਈ ਭੇਜਿਆ ਗਿਆ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਚਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਪਿਤਾ ਦੀ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਜਾ ਰਹੀ ਹੈ।