
ਅਦਾਲਤ ਨੇ ਦਲੀਲਾਂ ਸੁਣ ਕੇ ਫੈਸਲਾ ਰਾਖਵਾਂ ਰਖਿਆ
ਨਵੀਂ ਦਿੱਲੀ, 9 ਅਕਤੂਬਰ: ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਤਹਿਤ ਦਰਜ ਇਕ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਸਥ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਦਸਿਆ ਕਿ ਉਨ੍ਹਾਂ ’ਤੇ ਲੱਗੇ ਦੋਸ਼ਾਂ ‘ਝੂਠੇ’ ਅਤੇ ‘ਫ਼ਰਜ਼ੀ’ ਅਤੇ ‘ਚੀਨ ਤੋਂ ਇਕ ਪੈਸਾ ਵੀ ਨਹੀਂ ਆਇਆ।’ ਪੁਰਕਾਸਥ ਨੂੰ ਚੀਨ ਪੱਖੀ ਪ੍ਰਚਾਰ ਫੈਲਾਉਣ ਲਈ ਕਥਿਤ ਤੌਰ ’ਤੇ ਪੈਸੇ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਜਸਟਿਸ ਤੁਸ਼ਾਰ ਰਾਓ ਗਡੇਲਾ ਨੇ ਪੁਰਕਾਸਥ ਅਤੇ ਨਿਊਜ਼ ਪੋਰਟਲ ਦੇ ਮਨੁੱਖੀ ਸਰੋਤ (ਐਚ.ਆਰ.) ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਵਲੋਂ ਦਾਇਰ ਪਟੀਸ਼ਨਾਂ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪੁਰਕਾਸਥ ਅਤੇ ਚੱਕਰਵਰਤੀ ਨੇ ਇਨ੍ਹਾਂ ਪਟੀਸ਼ਨਾਂ ’ਚ ਅਪਣੀ ਗ੍ਰਿਫਤਾਰੀ ਅਤੇ ਸੱਤ ਦਿਨ ਦੇ ਪੁਲਸ ਰਿਮਾਂਡ ਨੂੰ ਚੁਨੌਤੀ ਦਿਤੀ ਹੈ। ਇਸ ਤੋਂ ਪਹਿਲਾਂ, ਜਾਂਚ ਏਜੰਸੀ ਨੇ ਇਹ ਦਾਅਵਾ ਕਰ ਕੇ ਅਪਣੀ ਕਾਰਵਾਈ ਦਾ ਬਚਾਅ ਕੀਤਾ ਸੀ ਕਿ ‘ਨਿਊਜ਼ਕਲਿੱਕ’ ਨੇ ਦੇਸ਼ ਦੀ ਸਥਿਰਤਾ ਅਤੇ ਅਖੰਡਤਾ ਲਈ ਸੰਕਟ ਦੀ ਸਥਿਤੀ ਪੈਦਾ ਕਰਨ ਦੇ ਉਦੇਸ਼ ਨਾਲ ਚੀਨ ’ਚ ਰਹਿਣ ਵਾਲੇ ਇਕ ਵਿਅਕਤੀ ਤੋਂ 75 ਕਰੋੜ ਰੁਪਏ ਪ੍ਰਾਪਤ ਕੀਤੇ ਸਨ।
ਕਰੀਬ ਦੋ ਘੰਟੇ ਤਕ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਸਟਿਸ ਗਡੇਲਾ ਨੇ ਕਿਹਾ, ‘‘ਦਲੀਲਾਂ ਸੁਣੀਆਂ ਗਈਆਂ ਹਨ। ਫੈਸਲਾ ਰਾਖਵਾਂ ਰੱਖਿਆ ਗਿਆ ਹੈ।’’ ਅਦਾਲਤ ਨੇ ਕਿਹਾ ਕਿ ਦੋਸ਼ੀ ਦੀ ਹੋਰ ਹਿਰਾਸਤ ਨਿਊਜ਼ ਪੋਰਟਲ ਵਲੋਂ ਦੋਵਾਂ ਵਿਅਕਤੀਆਂ ਦੀਆਂ ਪਟੀਸ਼ਨਾਂ ’ਤੇ ਉਸ ਦੇ ਹੁਕਮ ’ਤੇ ਨਿਰਭਰ ਕਰੇਗੀ। ਪੁਰਕਾਸਥ ਅਤੇ ਚੱਕਰਵਰਤੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਪਿਛਲੇ ਹਫ਼ਤੇ ਹਾਈ ਕੋਰਟ ’ਚ ਅਪਣੀ ਗ੍ਰਿਫ਼ਤਾਰੀ ਅਤੇ ਬਾਅਦ ’ਚ ਪੁਲੀਸ ਹਿਰਾਸਤ ਨੂੰ ਚੁਨੌਤੀ ਦਿੰਦਿਆਂ ਅੰਤਰਿਮ ਰਾਹਤ ਵਜੋਂ ਤੁਰਤ ਰਿਹਾਈ ਦੀ ਮੰਗ ਕੀਤੀ ਸੀ। ਜਾਂਚ ਏਜੰਸੀ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਕੇਸ ‘ਗੰਭੀਰ ਅਪਰਾਧਾਂ’ ਨਾਲ ਸਬੰਧਤ ਹੈ ਅਤੇ ਜਾਂਚ ਅਜੇ ਜਾਰੀ ਹੈ।