
‘‘ਸਾਨੂੰ ਪੀੜ੍ਹੀ ਦਰ ਪੀੜ੍ਹੀ ਆਯੁਰਵੇਦ ’ਤੇ ਪੂਰਾ ਭਰੋਸਾ ਹੈ'
Ayurveda : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਵਾਇਤੀ ਦਵਾਈਆਂ ’ਚ ਲੋਕਾਂ ਦੇ ਅਟੁੱਟ ਵਿਸ਼ਵਾਸ ਦਾ ਫਾਇਦਾ ਉਠਾ ਕੇ ਆਯੁਰਵੈਦ ਦੇ ਨਾਂ ’ਤੇ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੁਲ ਭਾਰਤੀ ਆਰਯੁਰਵੇਦ ਸੰਸਥਾਨ (ਏ.ਆਈ.ਆਈ.ਏ.) ਦੇ ਅੱਠਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਆਯੁਰਵੇਦ ਦੀ ਪ੍ਰਸੰਗਿਕਤਾ ਨੂੰ ਯਕੀਨੀ ਬਣਾਉਣ ਲਈ ਖੋਜ ’ਚ ਨਿਵੇਸ਼, ਦਵਾਈਆਂ ਦੇ ਮਿਆਰ ’ਚ ਨਿਰੰਤਰ ਸੁਧਾਰ ਅਤੇ ਆਯੁਰਵੈਦ ਦੇ ਅਧਿਐਨ ਨਾਲ ਸਬੰਧਤ ਅਕਾਦਮਿਕ ਸੰਸਥਾਵਾਂ ਦੇ ਮਜ਼ਬੂਤੀਕਰਨ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ, ‘‘ਸਾਨੂੰ ਪੀੜ੍ਹੀ ਦਰ ਪੀੜ੍ਹੀ ਆਯੁਰਵੇਦ ’ਤੇ ਪੂਰਾ ਭਰੋਸਾ ਹੈ। ਇਸ ਵਿਸ਼ਵਾਸ ਦਾ ਫਾਇਦਾ ਉਠਾਉਂਦੇ ਹੋਏ ਕੁੱਝ ਲੋਕ ਝੂਠੇ ਅਤੇ ਗੁਮਰਾਹਕੁੰਨ ਦਾਅਵੇ ਕਰ ਕੇ ਬੇਕਸੂਰ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਨਾ ਸਿਰਫ ਨਾਗਰਿਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਬਲਕਿ ਆਯੁਰਵੇਦ ਦੇ ਅਕਸ ਨੂੰ ਵੀ ਖਰਾਬ ਕਰਦੇ ਹਨ। ਅਜਿਹੇ ਲੋਕਾਂ ਵਿਰੁਧ ਸਖਤ ਕਾਰਵਾਈ ਕਰਨ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਆਯੁਰਵੇਦਿਕ ਉਤਪਾਦਾਂ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਿਰਯਾਤ ਕੀਤਾ ਜਾ ਸਕੇ। ਉਨ੍ਹਾਂ ਕਿਹਾ, ‘‘ਅਸੀਂ ਸਬੂਤ ਅਧਾਰਤ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਆਯੁਰਵੈਦ ’ਚ ਅਪਣੇ ਗਿਆਨ ਦੇ ਸਰੀਰ ਨੂੰ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕਰ ਸਕਦੇ ਹਾਂ।’’
ਉਨ੍ਹਾਂ ਕਿਹਾ ਕਿ ਆਯੁਰਵੇਦ ਦੁਨੀਆਂ ਦੀ ਸੱਭ ਤੋਂ ਪੁਰਾਣੀ ਇਲਾਜ ਪ੍ਰਣਾਲੀਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਨੂੰ ਭਾਰਤ ਦਾ ਅਨਮੋਲ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਇਹ ਮਾਨਤਾ ਵੱਧ ਰਹੀ ਹੈ ਕਿ ਤੰਦਰੁਸਤੀ ਲਈ ਮਨ ਅਤੇ ਸਰੀਰ ਦੋਹਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਆਯੁਰਵੇਦ ਅਤੇ ਯੋਗ ਬਾਰੇ ਜਾਣਨ ਦੀ ਇੱਛਾ ਦੁਨੀਆਂ ਭਰ ਦੇ ਲੋਕਾਂ ਨੂੰ ਭਾਰਤ ਵਲ ਖਿੱਚ ਰਹੀ ਹੈ।
ਏ.ਆਈ.ਆਈ.ਏ. ਸਬੂਤ-ਅਧਾਰਤ ਵਿਗਿਆਨ ਵਜੋਂ ਆਯੁਰਵੈਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਏਕੀਕ੍ਰਿਤ ਖੋਜ ਪ੍ਰਾਜੈਕਟ ਚਲਾ ਰਿਹਾ ਹੈ।