
ਸਿੱਕਿਆਂ 'ਤੇ 1805 ਅਤੇ 1905 ਦੇ ਸਾਲ ਉੱਕਰੇ ਹੋਏ
ਲਖਨਊ - ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਯਾਹੀਆਗੰਜ ਦੇ ਭੀਮਨਗਰ ਇਲਾਕੇ ਵਿੱਚ ਇੱਕ ਪਲਾਟ ਵਿੱਚੋਂ ਮਿੱਟੀ ਦੇ ਬਰਤਨ ਵਿੱਚ ਰੱਖੇ 129 ਬ੍ਰਿਟਿਸ਼ ਯੁਗ ਦੇ ਚਾਂਦੀ ਦੇ ਸਿੱਕੇ ਬਰਾਮਦ ਹੋਣ ਨਾਲ ਹੜਕੰਪ ਮਚ ਗਿਆ।
ਜਿਵੇਂ ਹੀ ਇਹ ਗੱਲ ਫੈਲੀ ਕਿ ਇੱਕ 'ਖਜ਼ਾਨਾ' ਲੱਭਿਆ ਹੈ, 'ਜੈਕਪਾਟ' ਦੀ ਝਲਕ ਦੇਖਣ ਵਾਸਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਵਿੱਚੋਂ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਨੇ ਘੜੇ ਨੂੰ ਸਰਕਾਰੀ ਜਾਇਦਾਦ ਦੱਸਦਿਆਂ ਜ਼ਬਤ ਕਰ ਲਿਆ। ਹਾਲਾਂਕਿ, ਪਲਾਟ ਮਾਲਕ ਨੇ ਦਾਅਵਾ ਕੀਤਾ ਕਿ ਇਹ ਘੜਾ ਉਸ ਦੀ ਜਾਇਦਾਦ ਹੈ ਅਤੇ ਇਹ ਉਸ ਨੂੰ ਆਪਣੇ ਦੋ ਮੰਜ਼ਿਲਾ ਟੁੱਟੇ-ਭੱਜੇ ਜੱਦੀ ਘਰ ਦੇ ਮਲਬੇ ਨੂੰ ਸਾਫ਼ ਕਰਦੇ ਹੋਏ ਮਿਲਿਆ, ਜਿਸ ਨੂੰ ਉਸ ਨੇ ਹਾਲ 'ਚ ਲਖਨਊ ਮਿਉਂਸਿਪਲ ਕਾਰਪੋਰੇਸ਼ਨ ਦੇ ਹੁਕਮਾਂ 'ਤੇ ਢਾਹਿਆ ਸੀ।
ਏ.ਡੀ.ਸੀ.ਪੁਲਿਸ ਪੱਛਮੀ ਜ਼ੋਨ ਨੇ ਦੱਸਿਆ, "ਕਿਉਂ ਕਿ ਸਿੱਕੇ ਜ਼ਮੀਨ ਦੀ ਖੁਦਾਈ ਦੌਰਾਨ ਬਰਾਮਦ ਹੋਏ ਹਨ, ਇਸ ਲਈ ਇਹ ਭਾਰਤੀ ਟ੍ਰੈਜ਼ਰ-ਟ੍ਰੋਵ ਐਕਟ 1878 ਤਹਿਤ ਸਰਕਾਰੀ ਜਾਇਦਾਦ ਹਨ। ਉਨ੍ਹਾਂ ਨੂੰ ਪਲਾਟ ਦੇ ਮਾਲਕ ਦੀ ਮੌਜੂਦਗੀ ਵਿੱਚ ਸੀਲ ਕੀਤਾ ਗਿਆ, ਅਤੇ ਪੂਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਕੀਤੀ ਗਈ।"
ਏ.ਡੀ.ਸੀ. ਨੇ ਕਿਹਾ ਕਿ ਸਿੱਕੇ ਬ੍ਰਿਟਿਸ਼ ਯੁਗ ਦੇ ਜਾਪਦੇ ਹਨ ਕਿਉਂਕਿ ਇਨ੍ਹਾਂ 'ਤੇ 1805 ਅਤੇ 1905 ਦੇ ਸਾਲ ਉੱਕਰੇ ਹੋਏ ਹਨ।
ਪਲਾਟ ਦੇ ਮਾਲਕ, ਗਿਆਨ ਪ੍ਰਕਾਸ਼ ਇੱਕ ਫੁੱਟਵੀਅਰ ਵਪਾਰੀ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿੱਕਿਆਂ ਨੂੰ ਮੁੜ ਪ੍ਰਾਪਤ ਕਰਨ ਲਈ ਅਦਾਲਤ ਵਿੱਚ ਜਾਣਗੇ, ਕਿਉਂਕਿ ਇਹ ਉਸਦੀ ਜੱਦੀ ਜਾਇਦਾਦ ਹੈ ਕਿਉਂਕਿ ਉਨ੍ਹਾਂ ਦਾ ਪਰਿਵਾਰ ਪਿਛਲੇ 150 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਜਗ੍ਹਾ 'ਤੇ ਰਹਿ ਰਿਹਾ ਹੈ।