
ਗਡਕਰੀ ਨੇ ਕਿਹਾ ਕਿ ਤਤਕਾਲੀ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ ਸਾਲ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਇਕ ਨਵੀਂ ਦਿਸ਼ਾ ਦਿਖਾਈ।
ਨਵੀਂ ਦਿੱਲੀ: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਰਥਿਕ ਸੁਧਾਰਾਂ ਰਾਹੀਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੇਸ਼ ਉਹਨਾਂ ਦਾ ਰਿਣੀ ਹੈ। ਇੱਥੇ ਆਯੋਜਿਤ 'ਟੀਓਐਲ ਐਵਾਰਡ 2022' ਸਮਾਗਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਤਤਕਾਲੀ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ ਸਾਲ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਇਕ ਨਵੀਂ ਦਿਸ਼ਾ ਦਿਖਾਈ।
ਉਹਨਾਂ ਨੇ ਪੋਰਟਲ 'ਟੈਕਸਇੰਡੀਆਓਨਲਾਈਨ' ਦੁਆਰਾ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ, ''ਉਦਾਰਵਾਦੀ ਅਰਥਵਿਵਸਥਾ ਕਾਰਨ ਦੇਸ਼ ਨੂੰ ਨਵੀਂ ਦਿਸ਼ਾ ਮਿਲੀ। ਇਸ ਲਈ ਦੇਸ਼ ਮਨਮੋਹਨ ਸਿੰਘ ਦਾ ਰਿਣੀ ਹੈ। ਗਡਕਰੀ ਨੇ ਕਿਹਾ ਕਿ ਮਨਮੋਹਨ ਦੀਆਂ ਨੀਤੀਆਂ ਨੇ ਮਹਾਰਾਸ਼ਟਰ ਦੀਆਂ ਸੜਕਾਂ ਲਈ ਪੈਸਾ ਇਕੱਠਾ ਕਰਨ ਵਿਚ ਮਦਦ ਕੀਤੀ ਸੀ।
ਉਹਨਾਂ ਕਿਹਾ ਕਿ ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਕਾਰਨ ਹੀ ਉਹ ਮਹਾਰਾਸ਼ਟਰ ਦੇ ਮੰਤਰੀ ਹੁੰਦਿਆਂ ਇਹਨਾਂ ਸੜਕੀ ਪ੍ਰਾਜੈਕਟਾਂ ਲਈ ਫੰਡ ਜੁਟਾ ਸਕੇ ਸਨ।ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਇਕ ਉਦਾਰ ਆਰਥਿਕ ਨੀਤੀ ਦੀ ਲੋੜ ਹੈ ਜਿਸ ਦਾ ਉਦੇਸ਼ ਗਰੀਬਾਂ ਨੂੰ ਵੀ ਲਾਭ ਪਹੁੰਚਾਉਣਾ ਹੈ।