
ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 61.50 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ, ਜੋ 2 ਸਾਲ ਦਾ ਉੱਚਾ ਪੱਧਰ ਹੈ। ਪਿਛਲੇ 30 ਦਿਨਾਂ 'ਚ ਕੀਮਤਾਂ 10 ਫੀਸਦੀ ਅਤੇ ਉੱਥੇ ਹੀ ਜੂਨ 2017 ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 36 ਫੀਸਦੀ ਤੋਂ ਜ਼ਿਆਦਾ ਵਧੀਆਂ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹਿਣ ਦਾ ਅੰਦਾਜ਼ਾ ਹੈ। ਦਸੰਬਰ ਤੱਕ ਕੀਮਤਾਂ 64 ਡਾਲਰ ਪ੍ਰਤੀ ਬੈਰਲ ਦਾ ਮੁੱਲ ਪਾਰ ਕਰ ਸਕਦੀਆਂ ਹਨ। ਅਜਿਹੇ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 2 ਤੋਂ 3 ਰੁਪਏ ਤੱਕ ਵਧਣ ਦੇ ਆਸਾਰ ਹਨ। ਉੱਥੇ ਹੀ, ਜੇਕਰ ਪੈਟਰੋਲ-ਡੀਜ਼ਲ ਮਹਿੰਗਾ ਹੁੰਦਾ ਹੈ, ਤਾਂ ਇਨ੍ਹਾਂ 'ਤੇ ਟੈਕਸ ਘਟਾਉਣ ਦੀ ਮੰਗ ਵੀ ਉੱਠ ਸਕਦੀ ਹੈ।
ਇਸ ਸਾਲ ਦੇ ਸ਼ੁਰੂ 'ਚ ਕੱਚਾ ਤੇਲ 56.82 ਡਾਲਰ ਪ੍ਰਤੀ ਬੈਰਲ 'ਤੇ ਸੀ। ਉੱਥੇ ਹੀ, ਪਿਛਲੇ ਮਹੀਨੇ 'ਚ ਕੱਚਾ ਤੇਲ 56.12 ਡਾਲਰ ਪ੍ਰਤੀ ਬੈਰਲ ਤੋਂ 61.50 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਓਪੇਕ ਦੇਸ਼, ਰੂਸ ਅਤੇ ਹੋਰ ਤੇਲ ਉਤਪਾਦਕ ਦੇਸ਼ ਕੱਚੇ ਤੇਲ ਦਾ ਉਤਪਾਦਨ 2018 'ਚ ਵੀ ਘੱਟ ਰੱਖਣ 'ਤੇ ਰਾਜੀ ਹੋ ਗਏ ਹਨ। ਡਬਲਿਊ. ਟੀ. ਆਈ. ਕੱਚਾ ਤੇਲ ਵੀ 55 ਡਾਲਰ ਪ੍ਰਤੀ ਬੈਰਲ ਤੱਕ ਆ ਗਿਆ ਹੈ।
ਹਾਲ ਹੀ, 'ਚ ਸਾਊਦੀ ਅਰਬ ਵੱਲੋਂ ਬਿਆਨ ਆਇਆ ਹੈ ਕਿ ਉਹ ਓਪੇਕ ਅਤੇ ਗੈਰ ਓਪੇਕ ਦੇਸ਼ਾਂ ਨਾਲ ਮਿਲ ਕੇ ਕੱਚੇ ਤੇਲ ਦੀ ਮੰਗ ਅਤੇ ਸਪਲਾਈ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰਨਗੇ। ਮਾਹਰਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਵਧ ਰਹੀ ਹੈ। ਦੇਸ਼ 'ਚ ਪੈਟਰੋਲ-ਡੀਜ਼ਲ ਦੇ ਮੁੱਲ 'ਚ 50 ਪੈਸੇ ਤੋਂ 75 ਪੈਸੇ ਤੱਕ ਦਾ ਵਾਧਾ ਜਲਦ ਦੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦਾ ਫਾਇਦਾ ਉਠਾ ਕੇ ਸਰਕਾਰ ਨੇ 2014 ਤੋਂ 2016 ਵਿਚਕਾਰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ 11.77 ਰੁਪਏ ਅਤੇ 13.47 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਹਾਲ ਹੀ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਵਧਣ 'ਤੇ ਸਰਕਾਰ ਨੇ ਐਕਸਾਈਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਕੀਮਤਾਂ 'ਚ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆਇਆ।