ਨਵੀਂ ਦਿੱਲੀ, 3 ਅਗੱਸਤ : ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਨੂੰ ਦਸਿਆ ਕਿ ਦੇਸ਼ ਵਿਚ 100 ਪੁਲ ਅਜਿਹੇ ਹਨ ਜੋ ਕਿਸੇ ਵੀ ਪਲ ਰੁੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਮੰਤਰਾਲੇ ਵਲੋਂ ਦੇਸ਼ ਦੇ 1.6 ਲੱਖ ਪੁਲਾਂ ਅਤੇ ਸੁਰੰਗਾਂ ਦਾ ਮੁਆਇਨਾ ਕਰਵਾਇਆ ਗਿਆ ਜਿਨ੍ਹਾਂ ਵਿਚੋਂ 147 ਬੇਹੱਦ ਮਾੜੀ ਹਾਲਤ ਵਿਚ ਮਿਲੇ।

ਉਨ੍ਹਾਂ ਕਿਹਾ ਕਿ ਦੋ ਪੁਲ ਅਜਿਹੇ ਵੀ ਹਨ ਜਿਨ੍ਹਾਂ ਦੀ ਉਸਾਰੀ 100 ਸਾਲ ਤੋਂ ਵੱਧ ਸਮਾਂ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਰਾਣੇ ਪੁਲਾਂ ਨੂੰ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਸੱਭ ਤੋਂ ਪਹਿਲਾਂ ਕਮਜ਼ੋਰ ਪੁਲਾਂ ਵਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਮਹਾਰਾਸ਼ਟਰ ਦੇ ਕੋਂਕਣ ਇਲਾਕੇ ਵਿਚ ਸਾਵਿਤਰੀ ਨਦੀ 'ਤੇ ਅੰਗਰੇਜ਼ਾਂ ਵੇਲੇ ਬਣਿਆ ਇਕ ਪੁਲ ਰੁੜ੍ਹ ਜਾਣ ਕਾਰਨ ਪਿਛਲੇ ਸਾਲ ਅਗੱਸਤ ਵਿਚ ਦੋ ਦਰਜਨ ਲੋਕ ਮਾਰੇ ਗਏ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਦੋ ਬਸਾਂ ਅਤੇ ਅਪਣੀਆਂ ਕਾਰਾਂ ਵਿਚ ਸਫ਼ਰ ਕਰ ਰਹੇ ਸਨ।
ਜਾਨੀ ਨੁਕਸਾਨ ਦਾ ਕਾਰਨ ਬਣਨ ਦੀ ਹਾਲਤ ਵਿਚ ਪਾਏ ਗਏ ਪੁਲਾਂ ਵਿਚੋਂ ਸੱਭ ਤੋਂ ਜ਼ਿਆਦਾ 40 ਪੁਲ ਬਿਹਾਰ ਵਿਚ ਹਨ। ਪਿਛਲੇ ਮਹੀਨੇ ਮਣੀਪੁਰ ਵਿਚ ਇਕ ਕੌਮੀ ਮਾਰਗ ਬਣਿਆ ਪੁਲ ਰੁੜ੍ਹ ਗਿਆ ਸੀ ਜਦੋਂ ਇਕ ਟਰੱਕ ਇਸ ਦੇ ਉਪਰੋਂ ਲੰਘ ਰਿਹਾ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੌਮੀ ਪੱਧਰ 'ਤੇ ਸੜਕਾਂ ਦੀ ਉਸਾਰੀ ਨੂੰ ਧਿਆਨ ਵਿਚ ਰਖਦਿਆਂ ਪੁਲ ਦੀ ਨਿਗਰਾਨੀ ਅਤੇ ਸਾਂਭ-ਸੰਭਾਲ ਦਾ ਕੰਮ ਚਲਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਗੋਆ ਵਿਚ ਵੀ ਕੁੱਝ ਸਮਾਂ ਪਹਿਲਾਂ ਇਕ ਪੁਰਾਣੇ ਪੁਲ ਦੇ ਤੇਜ਼ ਬਾਰਸ਼ ਕਾਰਨ ਰੁੜ੍ਹ ਜਾਣ ਕਾਰਨ ਜਾਨੀ ਨੁਕਸਾਨ ਹੋਇਆ ਸੀ। ਭਾਵੇਂ ਉਥੇ ਪੁਰਾਣੇ ਪੁਲ ਦੇ ਨਾਲ ਨਵਾਂ ਪੁਲ ਬਣਿਆ ਹੋਇਆ ਸੀ ਪਰ ਸਥਾਨਕ ਲੋਕ ਆਮ ਤੌਰ 'ਤੇ ਪੁਰਾਣੇ ਪੁਲ ਦੀ ਵਰਤੋਂ ਹੀ ਕਰਦੇ ਸਨ।
ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਸੜਕਾਂ ਦੀ ਉਸਾਰੀ ਦਾ ਕੰਮ ਤੇਜ਼ ਕੀਤਾ ਗਿਆ ਹੈ ਅਤੇ ਰਾਹ ਵਿਚ ਆਉਣ ਵਾਲੇ ਪੁਲਾਂ ਦੀ ਨਵਉਸਾਰੀ ਕੀਤੀ ਜਾ ਰਹੀ ਹੈ ਜਦਕਿ ਕਈ ਥਾਵਾਂ 'ਤੇ ਪੁਰਾਣੇ ਪੁਲਾਂ ਦੀ ਮੁਰੰਮਤ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। (ਏਜੰਸੀ)