Advertisement

ਦਿੱਲੀ 'ਚ ਠੰਡ ਨੇ ਤੋੜਿਆ 45 ਸਾਲ ਦਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ
Published Jan 10, 2019, 3:39 pm IST
Updated Apr 10, 2020, 10:04 am IST
ਦਿੱਲੀ ਵਿਚ ਕੜਾਕੇ ਦੀ ਠੰਡ ਨੇ ਰਿਕਾਰਡ ਤੋੜ ਕੇ ਰੱਖ ਦਿਤਾ ਹੈ, ਦਿੱਲੀ ਵਾਸੀਆਂ ਨੂੰ 45 ਸਾਲ ਬਾਅਦ ਜਮਾ ਕੇ ਰੱਖ ਦੇਣ ਵਾਲੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ....
ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ
 ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ

ਚੰਡੀਗੜ੍ਹ : ਦਿੱਲੀ ਵਿਚ ਕੜਾਕੇ ਦੀ ਠੰਡ ਨੇ ਰਿਕਾਰਡ ਤੋੜ ਕੇ ਰੱਖ ਦਿਤਾ ਹੈ, ਦਿੱਲੀ ਵਾਸੀਆਂ ਨੂੰ 45 ਸਾਲ ਬਾਅਦ ਜਮਾ ਕੇ ਰੱਖ ਦੇਣ ਵਾਲੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਦਸੰਬਰ ਮਹੀਨੇ ਵਿਚ ਰਾਜਧਾਨੀ ਲਗਾਤਾਰ ਛੇ ਦਿਨ ਤਕ ਸ਼ੀਤ ਲਹਿਰ ਦੀ ਚਪੇਟ ਵਿਚ ਰਹੀ। ਇਸ ਤੋਂ ਪਹਿਲਾਂ 1973 ਵਿਚ ਅਜਿਹਾ ਮੌਕਾ ਆਇਆ ਸੀ, ਜਦੋਂ ਦਸੰਬਰ ਮਹੀਨੇ ਵਿਚ ਰਾਜਧਾਨੀ ਦਿੱਲੀ ਨੂੰ ਲਗਾਤਾਰ ਛੇ ਦਿਨਾਂ ਤਕ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਦਸੰਬਰ ਮਹੀਨੇ ਰਿਕਾਰਡ ਤੋੜ ਸਰਦੀ ਕਾਰਨ ਰਾਜਧਾਨੀ ਵਾਸੀਆਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜਾਹ ਸਾਲਾਂ ਵਿਚ ਇਹ ਤੀਜਾ ਮੌਕਾ ਹੈ ਜਦੋਂ ਦਸੰਬਰ ਮਹੀਨੇ ਵਿਚ ਐਨੀ ਠੰਡ ਪਈ ਹੋਵੇ।  ਇਸ ਵਾਰ ਦਸੰਬਰ ਮਹੀਨੇ ਦਾ ਔਸਤ ਤਾਪਮਾਨ 6.7 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 1.6 ਡਿਗਰੀ ਸੈਲਸੀਐਸ ਘੱਟ ਸੀ। ਇਸ ਤੋਂ ਪਹਿਲਾਂ ਸਾਲ 2005 ਵਿਚ ਦਸੰਬਰ ਮਹੀਨੇ ਦਾ ਔਸਤ ਤਾਪਮਾਨ ਇਸ ਤੋਂ ਘੱਟ ਭਾਵ 6 ਡਿਗਰੀ ਸੈਲਸੀਐਸ ਰਿਹਾ ਸੀ। ਮੌਸਮ ਵਿਭਾਗ ਮੁਤਾਬਕ ਇਸ ਦਸੰਬਰ ਮਹੀਨੇ ਵਿਚ 14 ਦਿਨ ਅਜਿਹੇ ਰਹੇ ਹਨ ਜਦੋਂ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਤੋਂ ਵੀ ਘੱਟ ਰਿਹਾ। 

ਜ਼ਿਕਰਯੋਗ ਹੈ ਕਿ ਚਾਰ ਡਿਗਰੀ ਤੋਂ ਘੱਟ ਤਾਪਮਾਨ ਨੂੰ ਹੀ ਸ਼ੀਤ ਲਹਿਰ ਵਰਗੀ ਸਥਿਤੀ ਮੰਨਿਆ ਜਾਂਦਾ ਹੈ। ਸ਼ੀਤ ਲਹਿਰ ਵਰਗੀ ਇਹ ਸਥਿਤੀ ਦਿੱਲੀ ਵਿਚ ਛੇ ਦਿਨ ਤਕ ਲਗਾਤਾਰ ਬਣੀ ਰਹੀ। ਜਨਵਰੀ ਮਹੀਨੇ ਵੀ ਠੰਡ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੋਹਰੇ ਨੇ ਜਨ ਜੀਵਨ ਅਤੇ ਕੰਮਕਾਜ ਨੂੰ ਵੀ ਪ੍ਰਭਾਵਤ ਕੀਤਾ ਹੈ ਅਤੇ ਮਾਪੇ ਅਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਹਾਲਾਂਕਿ ਮਾਘੀ ਤੋਂ ਬਾਅਦ ਕੜਾਕੇ ਦੀ ਇਸ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਹ ਤਾਂ ਮਾਘੀ ਤੋਂ ਬਾਅਦ ਹੀ ਪਤਾ ਚੱਲੇਗਾ, ਕਿ ਠੰਡ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ।

Location: India, Delhi, Delhi
Advertisement
Advertisement

 

Advertisement