
ਸੰਜੇ ਸਿੰਘ ਦੇ ਕਰੀਬੀ ਸਹਿਯੋਗੀ ਸਰਵੇਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਮਿਲੀ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 20 ਜਨਵਰੀ ਤਕ ਵਧਾ ਦਿਤੀ ਹੈ।
ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸਿੰਘ ਨੂੰ 12 ਜਨਵਰੀ ਨੂੰ ਰਾਜ ਸਭਾ ਲਈ ਦੁਬਾਰਾ ਚੁਣੇ ਜਾਣ ਦੀ ਸੂਰਤ ’ਚ ਅਪਣਾ ਸਰਟੀਫਿਕੇਟ ਲੈਣ ਲਈ ਰਿਟਰਨਿੰਗ ਅਧਿਕਾਰੀ ਕੋਲ ਜਾਣ ਦੀ ਇਜਾਜ਼ਤ ਵੀ ਦਿਤੀ। ਦਿੱਲੀ ਵਿਧਾਨ ਸਭਾ ’ਚ ਪਾਰਟੀ ਦੇ ਮਜ਼ਬੂਤ ਬਹੁਮਤ ਕਾਰਨ ਸੰਜੇ ਸਿੰਘ ਅਤੇ ‘ਆਪ’ ਦੇ ਦੋ ਹੋਰ ਉਮੀਦਵਾਰਾਂ ਦੇ ਰਾਜ ਸਭਾ ਲਈ ਨਿਰਵਿਰੋਧ ਚੁਣੇ ਜਾਣ ਦੀ ਸੰਭਾਵਨਾ ਹੈ।
ਅਦਾਲਤ ਨੇ ਸੰਜੇ ਸਿੰਘ ਦੀ ਅਰਜ਼ੀ ’ਤੇ ਇਹ ਹੁਕਮ ਪਾਸ ਕੀਤਾ। ਸੰਜੇ ਸਿੰਘ ਨੇ ਅਪਣੀ ਅਰਜ਼ੀ ਵਿਚ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਜੇਲ੍ਹ ਅਧਿਕਾਰੀਆਂ ਨੂੰ ਹੁਕਮ ਦੇਵੇ ਕਿ ਉਹ ਉਸ ਨੂੰ ਸਰਟੀਫਿਕੇਟ ਲੈਣ ਲਈ ਰਿਟਰਨਿੰਗ ਅਧਿਕਾਰੀ ਕੋਲ ਲੈ ਜਾਣ। ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ 12 ਜਨਵਰੀ ਹੈ।
ਇਸ ਦੌਰਾਨ ਅਦਾਲਤ ਨੇ ਸਹਿ-ਦੋਸ਼ੀ ਅਤੇ ਸੰਜੇ ਸਿੰਘ ਦੇ ਕਰੀਬੀ ਸਹਿਯੋਗੀ ਸਰਵੇਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਅਤੇ ਨਿਯਮਤ ਜ਼ਮਾਨਤ ਲਈ ਉਸ ਦੀ ਅਰਜ਼ੀ ’ਤੇ ਸੁਣਵਾਈ ਲਈ 20 ਜਨਵਰੀ ਦੀ ਤਰੀਕ ਤੈਅ ਕੀਤੀ। ਮਿਸ਼ਰਾ ਨੂੰ ਪੰਜਵੀਂ ਪੂਰਕ ਚਾਰਜਸ਼ੀਟ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।