ਅਮਰੀਕੀ ਵਿਦੇਸ਼ ਵਿਭਾਗ ਨੇ ਜੈਸ਼ੰਕਰ ਦੀ ਯਾਤਰਾ ਦੌਰਾਨ ‘ਮਿਸ਼ਨ ਸਬੰਧੀ ਚੁਨੌਤੀ' ਦਾ ਜ਼ਿਕਰ ਕੀਤਾ
ਨਿਊਯਾਰਕ : ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਨਵੰਬਰ ’ਚ ਸਰਕਾਰ ਦੇ ‘ਸ਼ਟਡਾਊਨ’ ਵਿਚਕਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਅਮਰੀਕਾ ਯਾਤਰਾ ਦੌਰਾਨ ਆਈ ਇਕ ‘ਮਿਸ਼ਨ ਸਬੰਧੀ ਚੁਨੌਤੀ’ ਨੂੰ ਉਭਾਰਦਿਆਂ ਕਿਹਾ ਕਿ ਭਾਰਤੀ ਮੰਤਰੀ ਦੀ ਸੁਰੱਖਿਆ ਯਕੀਨੀ ਕਰਨ ਲਈ ਇਕ ‘ਹਿੰਮਤੀ ਬਦਲਵੀਂ ਯੋਜਨਾ’ ਲਾਗੂ ਕੀਤੀ ਗਈ ਸੀ। ਇਸ ਦੌਰਾਨ ਵਿਦੇਸ਼ ਮੰਤਰੀ ਨੂੰ 670 ਕਿਲੋਮੀਟਰ ਸੜਕ ਰਾਹੀਂ ਸਫ਼ਰ ਵੀ ਕਰਨਾ ਪਿਆ ਸੀ।
ਨਿਗਰਾਨੀ ਵਿਸ਼ੇਸ਼ ਏਜੰਟ ਗੇਬਰੀਅਲ ਮੈਸਿਆਸ ਵਲੋਂ 30 ਦਸੰਬਰ, 2025 ਨੂੰ ਲਿਖੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕੀ ਸਰਕਾਰ ਦੇ ਸ਼ਟਡਾਊਨ ਕਾਰਨ ਜਦੋਂ ਹਜ਼ਾਰਾਂ ਉਡਾਨਾਂ ਰੱਦ ਕਰ ਦਿਤੀਆਂ ਗਈਆਂ ਸਨ, ਤਾਂ ‘ਡਿਪਲੋਮੈਟਿਕ ਸੁਰੱਖਿਆ ਸੇਵਾ’ (ਡੀ.ਐਸ.ਐਸ.) ਦੇ ਪਤਵੰਤੇ ਵਿਅਕਤੀਆਂ ਦੀ ਸੁਰੱਖਿਆ ਵਿਭਾਗ, ਨਿਊਯਾਰਕ ਫ਼ੀਲਡ ਆਫ਼ਿਸ ਅਤੇ ਬਫ਼ੇਲੋ ਰੇਜਿਡੈਂਟ ਆਫ਼ਿਸ ਦੇ ਵਿਸ਼ੇਸ਼ ਏਜੰਟਾਂ ਸਾਹਮਣੇ ਇਕ ‘ਮਿਸ਼ਨ ਸਬੰਧੀ ਚੁਨੌਤੀ’ ਖੜ੍ਹੀ ਹੋ ਗਈ ਸੀ। ‘ਸ਼ਟਡਾਊਨ’ ਦਾ ਮਤਲਬ ਹੈ ਕਿ ਅਮਰੀਕਾ ਦੀ ਸੰਘੀ ਸਰਕਾਰ ਦਾ ਅੰਸ਼ਕ ਜਾਂ ਪੂਰਨ ਰੂਪ ’ਚ ਕੰਮਕਾਜ ਬੰਦ ਹੋ ਜਾਣਾ।
ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਅਮਰੀਕੀ ਸੰਸਦ (ਕਾਂਗਰਸ) ਸਰਕਾਰ ਦੇ ਖ਼ਰਚ ਚਲਾਉਣ ਲਈ ਸਮੇਂ ’ਤੇ ਬਜਟ ਜਾਂ ਅਸਥਾਈ ਖ਼ਰਚ ਬਿਲ ਪਾਸ ਨਹੀਂ ਕਰ ਪਾਉਂਦੀ। ਜੈਸ਼ੰਕਰ 11-12 ਨਵੰਬਰ, 2025 ਨੂੰ ਕੈਨੇਡਾ ’ਚ ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਤੋਂ ਬਾਅਦ ਨਿਊਯਾਰਕ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ’ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਂਨਿਓ ਗੁਤਾਰੇਸ ਨਾਲ ਦੁਵੱਲੀ ਮੁਲਾਕਾਤ ਕੀਤੀ ਸੀ। ਲੇਖ ’ਚ ਕਿਹਾ ਗਿਆ, ‘‘ਮਿਸ਼ਨ ਦੇ ਸਫ਼ਲ ਲਾਗੂਕਰਨ ਨਾਲ ਵਿਦੇਸ਼ ਮੰਤਰੀ ਦਾ ਕੂਟਨੀਤਕ ਪ੍ਰੋਗਰਾਮ ਬਗੈਰ ਕਿਸੇ ਰੁਕਾਵਟ ਤੋਂ ਪੂਰਾ ਹੋਇਆ ਅਤੇ ਇਸ ਨਾਲ ਅਮਰੀਕੀ ਪ੍ਰਸ਼ਾਸਨ ਦੀ ‘ਅਮਰੀਕਾ ਪਹਿਲਾਂ’ ਨੀਤੀ ਪਹਿਲਾਂ ਅਨੁਸਾਰ ਰਣਨੀਤਕ ਅਮਰੀਕਾ ਵਿਦੇਸ਼ ਨੀਤੀ ਹਿਤਾਂ ਨੂੰ ਅੱਗੇ ਵਧਾਇਆ ਗਿਆ।
ਇਹ ਨਵੀਂ ਡੀ.ਐਸ. ਅਗਵਾਈ ਰਾਹੀਂ ਅਪਣਾਈਆਂ ਕਦਰਾਂ-ਕੀਮਤਾਂ : ਅਨੁਸ਼ਾਸਿਤ ਲਾਗੂਕਰਨ, ਮਿਸ਼ਨ ਉਦੇ ਕੇਂਦਰਿਤ ਦਿ੍ਰਸ਼ਟੀਕੋਣ, ਤਕਨੀਕੀ ਮੁਹਾਰਤ ਅਤੇ ਅਮਰੀਕੀ ਕੂਟਨੀਤੀ ਦੇ ਹੱਕ ’ਚ ਅਡਿਗ ਤਤਪਰਤਾ ਨੂੰ ਵੀ ਦਰਸਾਉਂਦਾ ਹੈ।’’ ਵੀਰਵਾਰ ਨੂੰ ਪ੍ਰਕਾਸ਼ਿਤ ਲੇਖ ’ਚ ਕਿਹਾ ਗਿਆ ਹੈ ਕਿ ਨਿਊਯਾਰਕ ਯਾਤਰਾ ਦੌਰਾਨ ਸਰਕਾਰੀ ਸ਼ਟਡਾਊਨ ਕਾਰਨ ਲਗੀਆਂ ਪਾਬੰਦੀਆਂ ਵਿਚਕਾਰ ਡੀ.ਐਮ.ਐਸ. ਨੂੰ ਤੇਜ਼ੀ ਨਾਲ ਰਣਨੀਤੀ ਬਣਾਉਣੀ ਪਈ ਤਾਕਿ ਜੈਸ਼ੰਕਰ ਤੈਅ ਸਮੇਂ ਉਤੇ ਪਹੁੰਚ ਸਕਣ।
ਕਿਉਂਕਿ ਸ਼ਟਡਾਊਨ ਕਾਰਨ ਦੇਸ਼ਭਰ ਵਿਚ ਉਡਾਨਾਂ ਰੱਦ ਹੋ ਚੁਕੀਆਂ ਸਨ ਅਤੇ ਕੂਟਨੀਤਿਕ ਬੈਠਕਾਂ ਤੈਅ ਸਨ, ਇਸ ਲਈ ‘‘ਡੀ.ਐਸ.ਐਸ. ਨੇ ਇਕ ਹਿੰਮਤੀ ਬਦਲਵੀਂ ਯੋਜਨਾ’’ ਤਿਆਰ ਕੀਤੀ। ਇਸ ਹੇਠ ਸੱਤ ਘੰਟਿਆਂ ਦੀ 670 ਕਿਲੋਮੀਟਰ ਦੀ ਸੜਕ ਯਾਤਰਾ ਸ਼ਾਮਲ ਸੀ। ਇਸ ਯੋਜਨਾ ਨੂੰ ਲਾਗੂ ਕਰਨ ਲਈ 27 ਏਜੰਟਾਂ ਨੂੰ ਤੈਨਾਤ ਕੀਤਾ ਗਿਆ। ਲੇਕਖ ’ਚ ਕਿਹਾ ਗਿਆ ਕਿ ਸਰਦ ਮੌਸਮ, ਸੀਮਤ ਦਿਸਣ ਹੱਦ ਅਤੇ ਸ਼ਟਡਾਊਨ ਨਾਲ ਜੁੜੇ ਰੇੜਕਿਆਂ ਦੇ ਬਾਵਜੂਦ ਡੀ.ਐਸ.ਐਸ. ਏਜੰਟਾਂ ਨੇ ਸ਼ਾਂਤ ਪੇਸ਼ੇਵਰ ਰਵਈਏ ਅਤੇ ਅਡਿਗ ਏਕਾਗਰਤਾ ਨਾਲ ਮਿਸ਼ਨ ਨੂੰ ਅੰਜਾਮ ਦਿਤਾ। (ਪੀਟੀਆਈ)
