
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਸਮ ਅਤੇ ਉੱਤਰ-ਪੂਰਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ.....
ਚਾਂਗਸਾਰੀ (ਅਸਮ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਸਮ ਅਤੇ ਉੱਤਰ-ਪੂਰਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਅਤੇ ਕਿਹਾ ਕਿ ਨਾਗਰਿਕਤਾ ਬਿੱਲ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਏਗਾ। ਮੋਦੀ ਅਸਮ ਦੇ ਸਿਹਤ ਮੰਤਰੀ ਅਤੇ ਭਾਜਪਾ ਨੀਤ ਨੇਡਾ ਕਨਵੀਨਰ ਹਿੰਮਤ ਬਿਸਵਾ ਸਰਮਾ ਦੇ ਵਿਧਾਨ ਸਭਾ ਹਲਕੇ ਤੋਂ ਇਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, 'ਇਹ ਉੱਤਰ-ਪੂਰਬ ਦੇ ਲੋਕਾਂ ਨਾਲ ਇਕ ਕੌਮੀ ਵਚਨਬੱਧਤਾ ਹੈ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਏਗਾ ਤੇ ਜਾਂਚ ਅਤੇ ਸੂਬਾ ਸਰਕਾਰਾਂ ਦੀ ਸਿਫ਼ਾਰਿਸ਼ ਮਗਰੋਂ ਹੀ
ਨਾਗਰਿਕਤਾ ਦਿਤੀ ਜਾਏਗੀ।' ਮੋਦੀ ਨੇ ਕਿਹਾ ਕਿ ਇਹ ਸਮਝਣਾ ਚਾਹੀਦਾ ਹੈ ਕਿ ਸ਼ਕਤੀਸ਼ਾਲੀ ਦੇਸਾਂ ਵਿਚ ਗਏ ਲੋਕਾਂ ਅਤੇ 'ਅਪਣੀ ਆਸਥਾ ਦੇ ਚਲਦਿਆਂ ਘਰਾਂ ਤੋਂ ਭੱਜਣ ਅਤੇ ਅਪਣੀ ਜਾਨ ਬਚਾਉਣ ਵਾਲੇ' ਲੋਕਾਂ ਵਿਚ ਫ਼ਰਕ ਹੈ। 'ਦੋਵੇਂ ਇਕੋ ਜਿਹੇ ਨਹੀਂ ਹਨ'। ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਲੋਕਾਂ ਨੂੰ ਸ਼ਰਣ ਦੇਣ ਲਈ ਵਚਨਬੱਧ ਹਾਂ ਜੋ ਗੁਆਂਢੀ ਦੇਸ਼ਾਂ ਵਿਚ ਘੱਟ ਗਿਣਤੀ ਹਨ ਅਤੇ ਜਿਨ੍ਹਾਂ ਨੂੰ ਉਨ੍ਹਾਂ 'ਤੇ ਢਾਏ ਗਏ ਜੁਲਮਾਂ ਕਾਰਨ ਸਭ ਕੁਝ ਛੱਡ ਕੇ ਭੱਜਣਾ ਪਿਆ। ਉਹ ਸਾਡੇ ਦੇਸ਼ ਵਿਚ ਆਏ ਹਨ ਅਤੇ ਭਾਰਤ ਮਾਤਾ ਦੇ ਵਿਚਾਰਾਂ ਅਤੇ ਰਿਵਾਇਤਾਂ ਨੂੰ ਅਪਣਾਇਆ ਹੈ।'
ਮੋਦੀ ਨੇ ਕਿਹ ਕਿ ਭਾਜਪਾ 36 ਸਾਲ ਪੁਰਾਣੇ ਅਸਮ ਸਮਝੌਤੇ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੀ ਸਰਕਾਰ ਅਸਮ ਨੂੰ ਦੇਸ਼ ਦਾ ਤੇਲ ਅਤੇ ਗੈਸ ਦਾ ਕੇਂਦਰ ਬਣਾਉਣ ਲਈ ਵਚਨਬੱਧ ਹੈ ਅਤੇ 14000 ਕਰੋੜ ਰੁਪਏ ਦੀਆਂ ਯੋਜਨਾਵਾਂ ਪਿਛਲੇ ਚਾਰ ਸਾਲਾਂ ਵਿਚ ਪੂਰੀਆਂ ਕੀਤੀਆਂ ਗਈਆਂ ਹਨ। ਮੋਦੀ ਨੇ ਅਪਣੇ ਭਾਸ਼ਣ ਵਿਚ ਅਸਾਮੀ ਭਾਸ਼ਾ ਦੇ ਲਫ਼ਜ਼ ਵੀ ਬੋਲੇ। ਉਨ੍ਹਾਂ ਨੇ ਸ਼੍ਰੀਮਨਾਤ ਸੰਕਰਦੇਵਾ, ਮਧਾਦੇਵਾ, ਅਜਾਨ ਫ਼ਕੀਰ, ਲਸ਼ਿਤ ਬਾਰਫੁਕਨ, ਗੋਪੀਨਾਥ ਬੋਰਦੋਲੋਈ ਅਤੇ ਭੂਪੇਨ ਹਜਾਰੀਕਾ ਸਣੇ ਸੂਬੇ ਦੀਆਂ ਮਸ਼ਹੂਰ ਹਸਤੀਆਂ ਪ੍ਰਤੀ ਸ਼ਰਦਾ ਜਤਾਈ। (ਪੀਟੀਆਈ)