
ਇਨਸਾਨ ਨੂੰ ਜਾਤ ਅਤੇ ਧਰਮ ਵਿਚ ਵੰਡ ਕੇ ਨਹੀਂ ਵੇਖਿਆ ਜਾਣਾ ਚਾਹੀਦਾ
ਲਖਨਊ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸੰਤ ਰਵੀਦਾਸ ਨੇ ਜਿਹੜਾ ਸੁਪਨਾ ਵੇਖਿਆ ਸੀ, ਉਸ ਨੂੰ ਸਾਡੇ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਹਾਲੇ ਬਾਕੀ ਹੈ।
Photo
ਪ੍ਰਿਯੰਕਾ ਨੇ ਰਵੀਦਾਸ ਜੈਯੰਤੀ ਮੌਕੇ ਵਾਰਾਣਸੀ ਵਿਚ ਹੋਏ ਸਮਾਗਮ ਵਿਚ ਕਿਹਾ, 'ਸੰਤ ਸ਼੍ਰੋਮਣੀ ਗੁਰੂ ਰਵੀਦਾਸ ਨੇ ਅਜਿਹੇ ਸਮਾਜ ਦੇ ਨਿਰਮਾਣ ਦਾ ਸੁਪਨਾ ਵੇਖਿਆ ਸੀ ਜਿਥੇ ਕੋਈ ਭੇਦਭਾਵ ਜਾਂ ਊਚ ਨੀਚ ਦੀ ਭਾਵਨਾ ਨਾ ਹੋਵੇ। ਜਿਥੇ ਹਰ ਵਿਅਕਤੀ ਦਾ ਸਤਿਕਾਰ ਹੋਵੇ ਅਤੇ ਜਿਥੇ ਸਾਰਿਆਂ ਦੀ ਰਾਖੀ ਹੋਵੇ।' ਉਨ੍ਹਾਂ ਕਿਹਾ, 'ਸਾਡੇ ਸੰਵਿਧਾਨ ਨੇ ਵੀ ਇਹੋ ਕੋਸ਼ਿਸ਼ ਕੀਤੀ ਅਤੇ ਅੱਜ ਵੀ ਇਸ ਦੇਸ਼ ਵਿਚ ਇਹੋ ਲਾਗੂ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਸੰਤ ਰਵੀਦਾਸ ਦੀ ਸਿਖਿਆ ਨੂੰ ਲੋਕਾਂ ਤਕ ਲਿਜਾਣ ਦੀ ਲੋੜ ਹੈ ਖ਼ਾਸਕਰ ਇਸ ਦੌਰ ਵਿਚ ਜਦ ਸਮਾਜ ਅੰਦਰ ਏਨੀ ਹਿੰਸਾ ਅਤੇ ਨਫ਼ਰਤ ਹੈ।'
Photo
ਕਾਂਗਰਸ ਆਗੂ ਨੇ ਕਿਹਾ, 'ਇਨਸਾਨ ਨੂੰ ਜਾਤ ਪਾਤ ਅਤੇ ਧਰਮ ਵਿਚ ਵੰਡ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਸਗੋਂ ਸਿਰਫ਼ ਇਕ ਇਨਸਾਨ ਦੇ ਰੂਪ ਵਿਚ ਇਨਸਾਨ ਅੰਦਰ ਭਗਵਾਨ ਵੇਖਣਾ ਚਾਹੀਦਾ ਹੈ। ਰਵੀਦਾਸ ਇਸੇ ਸੋਚ ਦੇ ਮਾਲਕ ਸਨ ਅਤੇ ਇਹੀ ਸੋਚ ਭਾਰਤ ਦੇਸ਼ ਦੀ ਆਤਮਾ ਅਤੇ ਸਾਡੀ ਨੀਂਹ ਹੈ।' ਉਨ੍ਹਾਂ ਕਿਹਾ ਕਿ ਸੰਤ ਰਵੀਦਾਸ ਕਹਿੰਦੇ ਹੁੰਦੇ ਸਨ ਕਿ ਰਾਮ ਅਤੇ ਰਹੀਮ ਦੋਹਾਂ ਦੀ ਸਿਖਿਆ ਇਕ ਹੀ ਹੈ। ਅਸੀਂ ਸਾਰੇ ਇਕੋ ਰੱਬ ਦਾ ਹਿੱਸਾ ਹਾਂ। ਸਾਨੂੰ ਉਨ੍ਹਾਂ ਕੋਲੋਂ ਕੁੱਝ ਸਿਖਣਾ ਚਾਹੀਦਾ ਹੈ।
Photo
ਉਨ੍ਹਾਂ ਕਿਹਾ, 'ਕਬੀਰਦਾਸ ਅਤੇ ਸੰਤ ਰਵੀਦਾਸ ਨੇ ਸਾਨੂੰ ਸਾਰਿਆਂ ਨੂੰ ਅਪਣੀ ਬਾਣੀ ਅਤੇ ਸੰਦੇਸ਼ ਨਾਲ ਹਰ ਇਨਸਾਨ ਨੂੰ ਬਰਾਬਰ ਮੰਨਣ ਅਤੇ ਭਾਈਚਾਰੇ ਤੇ ਮਿਹਨਤ ਦੀ ਕਦਰ ਕਰਨ ਦੀ ਸਿਖਿਆ ਦਿਤੀ।' 14ਵੀਂ ਸਦੀ ਵਿਚ ਵਾਰਾਣਸੀ ਵਿਚ ਜਨਮੇ ਰਵੀਦਾਸ ਭਗਤੀ ਅੰਦੋਲਨ ਦੀ ਅਹਿਮ ਹਸਤੀ ਸਨ।
ਸੰਤ ਰਵੀਦਾਸ ਦੀ ਯਾਦ ਦਾ ਨਾਟਕ ਕਰ ਰਹੀਆਂ ਹਨ ਕਾਂਗਰਸ, ਭਾਜਪਾ ਤੇ ਹੋਰ ਪਾਰਟੀਆਂ : ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਵਿਰੁਧ ਸੰਤ ਰਵੀਦਾਸ ਦੇ ਮੰਦਰਾਂ ਵਿਚ ਜਾ ਕੇ ਨਿਜੀ ਸੁਆਰਥ ਲਈ 'ਨਾਟਕਬਾਜ਼ੀ ਕਰਨ' ਦਾ ਦੋਸ਼ ਲਾਇਆ ਹੈ। ਮਾਇਆਵਤੀ ਨੇ ਕਿਹਾ, 'ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਯੂਪੀ ਵਿਚ ਅਪਣੀ ਸਰਕਾਰ ਹੋਣ 'ਤੇ ਸੰਤ ਰਵੀਦਾਸ ਨੂੰ ਕਦੇ ਵੀ ਮਾਨ ਸਨਮਾਨ ਨਹੀਂ ਦਿੰਦੀਆਂ ਪਰ ਸੱਤਾ ਤੋਂ ਬਾਹਰ ਹੋਣ 'ਤੇ ਇਹ ਅਪਣੇ ਸੁਆਰਥ ਲਈ ਮੰਦਰਾਂ ਆਦਿ ਵਿਚ ਜਾ ਕੇ ਨਾਟਕਬਾਜ਼ੀ ਜ਼ਰੂਰ ਕਰਦੀਆਂ ਹਨ। ਇਨ੍ਹਾਂ ਤੋਂ ਸਾਵਧਾਨ ਰਹੋ।'
File Photo
ਉਨ੍ਹਾਂ ਕਿਹਾ, 'ਬਸਪਾ ਹੀ ਇਕੋ ਇਕ ਪਾਰਟੀ ਹੈ ਜਿਸ ਨੇ ਅਪਣੀ ਸਰਕਾਰ ਦੇ ਸਮੇਂ ਸੰਤ ਰਵੀਦਾਸ ਨੂੰ ਵੱਖ ਵੱਖ ਪੱਧਰਾਂ 'ਤੇ ਮਾਨ-ਸਨਮਾਨ ਦਿਤਾ ਹੈ। ਉਸ ਨੂੰ ਵੀ ਹੁਣ ਵਿਰੋਧੀ ਪਾਰਟੀਆਂ ਇਕ ਇਕ ਕਰ ਕੇ ਖ਼ਤਮ ਕਰਨ ਵਿਚ ਲਗੀਆਂ ਹੋਈਆਂ ਹਨ।' ਮਾਇਆਵਤੀ ਦਾ ਇਹ ਬਿਆਨ ਅਜਿਹੇ ਵਕਤ ਆਇਆ ਹੈ ਜਦ ਪ੍ਰਿਯੰਕਾ ਗਾਂਧੀ ਸੰਤ ਰਵੀਦਾਸ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵਾਰਾਣਸੀ ਪੁੱਜੀ।