
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਦੀ ਤਸਵੀਰ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਵਖਰੀ ਅਤੇ ਦਿਲਚਸਪ ਬਣੀ ਹੋਈ ਹੈ।
ਚੰਡੀਗੜ੍ਹ (ਕੰਵਲਜੀਤ ਸਿੰਘ ਬਨਵੈਤ): ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਦੀ ਤਸਵੀਰ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਵਖਰੀ ਅਤੇ ਦਿਲਚਸਪ ਬਣੀ ਹੋਈ ਹੈ। ਚਾਰ ਵਿਚੋਂ ਦੋ ਹਲਕਿਆਂ ਵਿਚ ਕੌਮੀ ਅਤੇ ਦੋ ਵਿਚ ਸਥਾਨਕ ਮੁੱਦਿਆਂ 'ਤੇ ਚੋਣ ਲੜੀ ਜਾ ਰਹੀ ਹੈ। ਚੋਣਾਂ ਵਧੇਰੇ ਦਿਲਚਸਪ ਹੋਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਇਕ ਜਾਂ ਦੋ ਪਾਰਟੀਆਂ ਦੇ ਕਬਜ਼ੇ ਹੇਠ ਨਹੀਂ ਸਗੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੀ ਝੋਲੀ ਪਈਆਂ ਸਨ।
Punjab Congress
ਇਸ ਵਾਰ ਮੁੱਖ ਮੁਕਾਬਲਾ ਹਾਕਮ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਭਾਜਪਾ ਗਠਜੋੜ ਵਿਚ ਰਹਿ ਗਿਆ ਹੈ। ਆਮ ਆਦਮੀ ਪਾਰਟੀ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਖਿੰਡ ਪੁੰਡ ਜਾਣ ਕਰ ਕੇ ਇਕ ਤਰ੍ਹਾਂ ਨਾਲ ਮੈਦਾਨ ਵਿਚੋਂ ਬਾਹਰ ਹਨ। ਵਿਧਾਨ ਸਭਾ ਹਲਕਾ ਫਗਵਾੜਾ ਅਤੇ ਮੁਕੇਰੀਆਂ ਵਿਚ ਦਿੱਲੀ ਦਾ ਰਵੀਦਾਸ ਮੰਦਰ ਤੋੜਨ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਦੋਹਾਂ ਹਲਕਿਆਂ ਵਿਚ ਕ੍ਰਮਵਾਰ ਦਲਿਤਾਂ ਦੀ 41 ਅਤੇ 32 ਫ਼ੀ ਸਦੀ ਵੋਟ ਹੈ। ਕਾਂਗਰਸ ਪਾਰਟੀ ਨੇ ਵੋਟਰਾਂ ਦੀ ਨਬਜ਼ 'ਤੇ ਹੱਥ ਰੱਖ ਕੇ ਇਸ ਨੂੰ ਕਾਫ਼ੀ ਹੱਦ ਤਕ ਵੋਟਰਾਂ ਨੂੰ ਨਾਲ ਜੋੜ ਲਿਆ ਹੈ।
SAD-BJP
ਇਥੋਂ ਬਸਪਾ ਦਾ ਉਮੀਦਵਾਰ ਮੈਦਾਨ ਵਿਚ ਤਾਂ ਹੈ ਪ੍ਰੰਤੂ ਜਿੱਤਣ ਦੀ ਸਥਿਤੀ ਵਿਚ ਨਹੀਂ ਹੈ। ਮੁਕੇਰੀਆਂ ਵਿਚ ਵੀ ਕਾਂਗਰਸ ਪਾਰਟੀ ਨੇ ਵੋਟਰਾਂ ਦੀ ਦੁਖਦੀ ਰਗ 'ਤੇ ਹੱਥ ਧਰਿਆ ਹੈ ਅਤੇ ਦਿੱਲੀ ਦੇ ਰਵੀਦਾਸ ਮੰਦਰ ਤੋੜਨ ਦੇ ਮੁੱਦੇ ਨੂੰ ਭਖਾ ਰਖਿਆ ਹੈ। ਇਨ੍ਹਾਂ ਦੋਵੇਂ ਸੀਟਾਂ 'ਤੇ ਭਾਜਪਾ ਨੇ ਅਕਾਲੀ ਦਲ ਨਾਲ ਰਲ ਕੇ ਉਮੀਦਵਾਰ ਖੜੇ ਕੀਤੇ ਹਨ। ਪਰ ਭਾਜਪਾ ਦਾ ਜੰਮੂ ਕਸ਼ਮੀਰ ਵਿਚ ਧਾਰਾ 370 ਤੋੜਨ ਦਾ ਕੌਮਾਂਤਰੀ ਪੱਧਰ 'ਤੇ ਸਲਾਹਿਆ ਜਾ ਰਿਹਾ ਫ਼ੈਸਲਾ ਮੰਦਰ ਨੂੰ ਤੋੜਨ ਦੇ ਰੋਸ ਨੂੰ ਕਾਟ ਨਹੀਂ ਕਰ ਰਿਹਾ।
Ravidas temple
ਫਗਵਾੜਾ ਤੋਂ ਪਿਛਲੀ ਵਾਰ ਭਾਜਪਾ ਦੇ ਸੋਮ ਪ੍ਰਕਾਸ਼ ਨੇ 45479 ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 43470 ਵੋਟ ਮਿਲੇ ਸਨ। ਮੁਕੇਰੀਆਂ ਤੋਂ ਕਾਂਗਰਸ ਦੇ ਜੇਤੂ ਰਹੇ ਉਮੀਦਵਾਰ ਰਜਨੀਸ਼ ਬੱਬੀ ਦਾ ਦੇਹਾਂਤ ਹੋਣ ਨਾਲ ਇਹ ਸੀਟ ਖ਼ਾਲੀ ਪਈ ਹੈ। ਹਲਕਾ ਦਾਖਾ ਦੀ ਸੀਟ ਆਪ ਦੇ ਹਰਵਿੰਦਰ ਸਿੰਘ ਫੂਲਕਾ ਦੇ ਅਸਤੀਫ਼ਾ ਦੇਣ ਨਾਲ ਖ਼ਾਲੀ ਹੋਈ ਸੀ। ਇਸ ਵਾਰ ਅਕਾਲੀ ਭਾਜਪਾ ਗਠਜੋੜ ਵਲੋਂ ਮਨਪ੍ਰੀਤ ਸਿੰਘ ਇਆਲੀ ਨੂੰ ਟਿਕਟ ਦਿਤੀ ਗਈ ਹੈ ਜਦਕਿ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਹ ਸੀਟ ਪੰਥਕ ਮੰਨੀ ਜਾ ਰਹੀ ਹੈ।
Captain Sandeep Sandhu
ਅਕਾਲੀ ਦਲ ਦੇ ਉਮੀਦਵਾਰ ਦਾ ਅਪਣਾ ਅਸਰ ਰਸੂਖ ਵੀ ਹੈ। ਸੰਦੀਪ ਸਿੰਘ ਸੰਧੂ ਦਾ ਪੰਥਕ ਹਲਕੇ ਵਿਚ ਵਿਚਰਦਿਆਂ ਸਿਰ 'ਤੇ ਕੇਸਰੀ ਪਟਕਾ ਬੰਨ੍ਹ ਕੇ ਚਲਣ ਦਾ ਦਾਅ ਕੰਮ ਕਰ ਰਿਹਾ ਹੈ। ਇਥੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਵਿਚ ਨਸ਼ੇ, ਸਿਹਤ ਸਹੂਲਤਾਂ, ਵਿਕਾਸ ਅਤੇ ਮਾਈਨਰ ਮਾਫ਼ੀਏ ਨੂੰ ਨੱਥ ਪਾਉਣ ਵਿਚ ਸਫ਼ਲ ਨਾ ਹੋਣ ਦਾ ਭਾਂਡਾ ਸਰਕਾਰ ਸਿਰ ਭੰਨਿਆ ਜਾ ਰਿਹਾ ਹੈ। ਇਥੇ ਆਪ ਦਾ ਉਮੀਦਵਾਰ ਮੈਦਾਨ ਵਿਚ ਤਾਂ ਹੈ ਪਰ ਉਹ ਚਰਚਾ ਵਿਚ ਨਹੀਂ। ਹਲਕਾ ਜਲਾਲਾਬਾਦ ਵਿਚ ਵੀ ਕਾਂਗਰਸ ਅਤੇ ਅਕਾਲੀ ਭਿੜ ਰਹੇ ਹਨ ਇਹ ਇਕੋ ਇਕ ਸੀਟ ਜਿਥੇ ਅਕਾਲੀ ਅਪਣੇ ਆਪ ਲਈ ਸੌਖ ਮਹਿਸੂਸ ਕਰ ਰਹੇ ਹਨ।
Sukhbir Singh Badal
ਕਾਂਗਰਸ ਪਾਰਟੀ ਦਾ ਆਪਸੀ ਵਿਰੋਧ ਚਲ ਰਿਹਾ ਹੈ ਹੋਰ ਤਾਂ ਹੋਰ ਕਈ ਕਾਂਗਰਸੀ ਤਾਂ ਖੁਲ੍ਹ ਕੇ ਪ੍ਰਚਾਰ ਲਈ ਸਾਹਮਣੇ ਨਹੀਂ ਆਏ ਹਨ। ਹੋਰਾਂ 'ਤੇ ਸੁਖਬੀਰ ਬਾਦਲ ਨਾਲ ਅੰਦਰਖਾਤੇ ਯਾਰੀ ਪਾਲਣ ਦਾ ਦੋਸ਼ ਵੀ ਲੱਗ ਰਿਹਾ ਹੈ। ਹਲਕਾ ਦਾਖਾ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਉਮੀਦਵਾਰ ਐਚ.ਐਸ. ਫੂਲਕਾ 58923 ਵੋਟਾਂ ਲੈ ਕੇ ਜਿੱਤੇ ਸਨ। ਇਆਲੀ ਨੂੰ 54751 ਵੋਟ ਮਿਲੇ ਸਨ। ਹਲਕਾ ਜਲਾਲਾਬਾਦ ਤੋਂ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 75271 ਵੋਟਾਂ ਲੈ ਕੇ ਜੇਤੂ ਰਹੇ ਸਨ। ਜਦਕਿ ਆਪ ਦੇ ਭਗਵੰਤ ਮਾਨ 56671 ਵੋਟਾਂ ਲੈ ਕੇ ਹਾਰ ਗਏ ਸਨ। ਹਾਲੇ ਵੋਟਾਂ ਵਿਚ ਦੋ ਹਫ਼ਤੇ ਦੇ ਕਰੀਬ ਸਮਾਂ ਰਹਿੰਦਿਆਂ ਹਾਲਾਤ ਦੇ ਕਈ ਤਰ੍ਹਾਂ ਨਾਲ ਕਰਵਟ ਲੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ