
ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਿਰ ਦੇ ਮਾਮਲੇ 'ਤੇ ਸੁਪਰੀਮ ਕੋਰਟ ਵੱਲੋਂ...
ਫਗਵਾੜਾ: ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਿਰ ਦੇ ਮਾਮਲੇ 'ਤੇ ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਦਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੂੰ ਲੈ ਕੇ ਉਹ ਸਾਰਿਆਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਜਿਸ ਥਾਂ 'ਤੇ ਪਹਿਲਾਂ ਮੰਦਿਰ ਸੀ, ਉਸੇ ਸਥਾਨ 'ਤੇ ਵੀ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ।
Supreme court
ਇਸ ਮੰਦਿਰ ਦੇ ਨਿਰਮਾਣ ਲਈ ਕੇਂਦਰ ਸਰਕਾਰ 400 ਵਰਗ ਮੀਟਰ ਜ਼ਮੀਨ ਦੇਵੇਗੀ। ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਨਾਲ ਰਵਿਦਾਸ ਮੰਦਰ ਦੀ 400 ਵਰਗ ਮੀਟਰ ਜ਼ਮੀਨ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਕਮੇਟੀ ਨੂੰ ਸੌਂਪਣ ਦੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰ ਸਰਕਾਰ ਨੇ ਪ੍ਰਸਤਾਵ 'ਚ ਮੰਦਿਰ ਲਈ 200 ਵਰਗ ਮੀਟਰ ਦੀ ਮੰਗ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਵਧਾ ਕੇ 400 ਵਰਗ ਮੀਟਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਵਾਅਦਾ ਹੁਣ ਪੂਰਾ ਕਰ ਲਿਆ ਗਿਆ ਹੈ। ਸੁਪਰੀਮ ਕੋਰਟ ਵੱਲੋਂ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ। ਉਥੇ ਹੀ ਮੰਦਿਰ ਦੇ ਨਿਰਮਾਣ 'ਤੇ ਹੋਣ ਵਾਲੇ ਖਰਚੇ 'ਤੇ ਬੋਲਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਖਰਚੇ ਨੂੰ ਲੈ ਕੇ ਜਿਸ ਤਰ੍ਹਾਂ ਸੰਤ ਸਮਾਜ ਕਹੇਗਾ, ਉਸੇ ਤਰ੍ਹਾਂ ਕਰ ਲਿਆ ਜਾਵੇਗਾ।