
ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਹੈ। ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ
ਲਖਨਊ: ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਹੈ। ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿਚ 623 ਉਮੀਦਵਾਰ ਮੈਦਾਨ ਵਿਚ ਹਨ। ਇਹਨਾਂ ਵਿਚੋਂ 73 ਮਹਿਲਾ ਉਮੀਦਵਾਰ ਹਨ। ਇਸ ਤੋਂ ਇਲਾਵਾ 9 ਮੰਤਰੀ ਵੀ ਸਿਆਸੀ ਮੁਕਾਬਲੇ ਵਿਚ ਹਨ। ਪਹਿਲੇ ਪੜਾਅ ਵਿਚ ਕੁੱਲ 2.27 ਕਰੋੜ ਵੋਟਰ ਹਨ। ਇਸ ਵਿਚ ਮਰਦ 1.27 ਕਰੋੜ ਅਤੇ ਔਰਤਾਂ 1 ਕਰੋੜ ਹਨ।
2017 ਦੀਆਂ ਚੋਣਾਂ ਵਿਚ ਇਹਨਾਂ 58 ਸੀਟਾਂ ਵਿਚੋਂ ਭਾਜਪਾ ਨੇ 53 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਸਪਾ-ਬਸਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਅਤੇ ਆਰਐਲਡੀ ਸਿਰਫ਼ ਇਕ ਸੀਟ ਜਿੱਤ ਸਕੀ। ਸਵੇਰ ਤੋਂ ਹੀ ਲੋਕਾਂ ਵਿਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਹੈ। ਸੰਘਣੀ ਧੁੰਦ ਦੇ ਬਾਵਜੂਦ ਲੋਕ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਲੱਗੇ ਨਜ਼ਰ ਆਏ। ਨੇਤਾਵਾਂ ਅਤੇ ਮੰਤਰੀਆਂ ਨੇ ਵੋਟਿੰਗ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਫਿਰ ਆਪਣੇ ਬੂਥਾਂ 'ਤੇ ਪਹੁੰਚ ਗਏ।
ਈਵੀਐਮ ਖ਼ਰਾਬ ਹੋਣ ਦੀਆਂ ਖ਼ਬਰਾਂ
ਇਸ ਦੌਰਾਨ ਸ਼ਾਮਲੀ ਅਤੇ ਮੇਰਠ ਤੋਂ ਈਵੀਐਮ ਖਰਾਬ ਹੋਣ ਦੀਆਂ ਖਬਰਾਂ ਆਈਆਂ ਹਨ। ਸ਼ਾਮਲੀ ਦੇ ਗੋਹਰਪੁਰ ਪਿੰਡ ਵਿਚ 3 ਵੋਟਾਂ ਪੈਣ ਤੋਂ ਬਾਅਦ ਹੀ ਈਵੀਐਮ ਮਸ਼ੀਨ ਖਰਾਬ ਹੋ ਗਈ। ਇੱਥੇ ਪੋਲਿੰਗ ਰੁਕ ਗਈ ਹੈ ਅਤੇ ਪੋਲਿੰਗ ਸਥਾਨ 'ਤੇ ਲੰਬੀ ਲਾਈਨ ਲੱਗੀ ਹੋਈ ਹੈ। ਮੇਰਠ ਵਿਚ ਪ੍ਰਸ਼ਾਸਨ ਨੂੰ ਕੈਂਟ ਵਿਚ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ-20 ਉੱਤੇ ਇੱਕ ਈਵੀਐਮ ਵਿੱਚ ਖਰਾਬੀ ਦੀ ਸੂਚਨਾ ਦਿੱਤੀ ਗਈ ਹੈ। ਇਸ ਨੂੰ ਜਲਦੀ ਠੀਕ ਕਰਨ ਲਈ ਤਕਨੀਕੀ ਟੀਮ ਕੰਮ ਕਰ ਰਹੀ ਹੈ। ਮਥੁਰਾ ਦੇ ਬਲਦੇਵ ਵਿਧਾਨ ਸਭਾ ਹਲਕੇ ਦੇ ਫਰਾਹ 'ਚ ਬੂਥ ਨੰਬਰ 442 'ਤੇ EVM ਮਸ਼ੀਨ ਖਰਾਬ ਹੋ ਗਈ। ਬੂਥ 'ਤੇ ਵੋਟਿੰਗ ਪ੍ਰਕਿਰਿਆ ਰੁਕ ਗਈ ਹੈ।
ਰਾਹੁਲ ਗਾਂਧੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਜ਼ਰੀਏ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਲਿਖਿਆ, “ਦੇਸ਼ ਨੂੰ ਹਰ ਡਰ ਤੋਂ ਆਜ਼ਾਦ ਕਰੋ- ਬਾਹਰ ਆਓ, ਵੋਟ ਕਰੋ”।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਟਵੀਟ
ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, “ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਹੈ। ਮੈਂ ਸਾਰੇ ਵੋਟਰਾਂ ਨੂੰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਕੇ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਬੇਨਤੀ ਕਰਦਾ ਹਾਂ। ਯਾਦ ਰੱਖੋ - ਪਹਿਲਾਂ ਵੋਟ ਕਰੋ, ਫਿਰ ਜਲਪਾਨ!”