
ਸੌਦਾ ਸਾਧ ਦੀ ਪੰਜਾਬ ਚੋਣਾਂ ਸਮੇਂ ਪੈਰੋਲ ਸਪਸ਼ਟ ਸੰਕੇਤ ਹੈ ਭਾਜਪਾ ਦੀ ਹਮਾਇਤ ਦਾ
ਚੰਡੀਗੜ੍ਹ, 7 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਡੇਰਾ ਸਿਰਸਾ ਤੇ ਭਾਜਪਾ ਵਿਚਕਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੰਦਰਖਾਤੇ ਗਿਟਮਿਟ ਕਰਨ ਦੇ ਚਰਚੇ ਭਾਵੇਂ ਕਈ ਦਿਨਾਂ ਤੋਂ ਚਲ ਰਹੇ ਸਨ ਪਰ ਅੱਜ ਕਤਲਾਂ ਤੇ ਬਲਾਤਕਾਰ ਦੇ ਦੋਸ਼ਾਂ ’ਚ ਸਜ਼ਾ ਭੁਗਤ ਰਹੇ ਸੌਦਾ ਸਾਧ ਰਾਮ ਰਹੀਮ ਨੂੰ ਸੁਨਾਰੀਆ ਜੇਲ ’ਚੋਂ 21 ਦਿਨ ਦੇ ਪੈਰੋਲ ਮਿਲਣ ਬਾਅਦ ਹੁਣ ਸਥਿਤੀ ਚਿੱਟ ਦਿਨ ਵਾਂਗ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ। ਭਾਜਪਾ ਪੰਜਾਬ ’ਚ ਸੱਤਾ ਹਾਸਲ ਕਰਨ ਦਾ ਟੀਚਾ ਸਾਹਮਣੇ ਰੱਖ ਕੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਸੌਦਾ ਸਾਧ ਦੇ ਬਾਹਰ ਆਉਣ ਤੋਂ ਬਾਅਦ ਸਪਸ਼ਟ ਸੰਕੇਤ ਹਨ ਕਿ ਡੇਰਾ ਸਿਰਸਾ ਦੀਆਂ ਵੋਟਾਂ ਇਸ ਵਾਰ ਭਾਜਪਾ ਨੂੰ ਹੀ ਜਾਣਗੀਆਂ।
ਭਾਵੇਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੀ ਸੌਦਾ ਸਾਧ ਦੇ ਪ੍ਰੇਮੀਆਂ ਦਾ ਨਰਮ ਰਵਈਆ ਹੈ ਪਰ ਹੁਣ ਭਾਜਪਾ ਨਾਲ ਗਠਜੋੜ ਨਾ ਹੋਣ ਕਾਰਨ ਅਕਾਲੀ ਦਲ ਨੂੰ ਵੀ ਇਹ ਵੋਟਾਂ ਨਹੀਂ ਮਿਲਣਗੀਆਂ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਨੁਕਸਾਨ ਹੋਵੇਗਾ। ਭਾਜਪਾ ਨੇ ਹਰਿਆਣਾ ’ਚ ਅਪਣੀ ਸਰਕਾਰ ਹੋਣ ਦਾ ਪੂਰਾ ਲਾਹਾ ਰਾਮ ਰਹੀਮ ਨੂੰ ਐਨ ਚੋਣਾਂ ਮੌਕੇ ਜੇਲ ’ਚੋਂ ਬਾਹਰ ਕਰਵਾ ਕੇ ਲਿਆ ਹੈ। ਭਾਵੇਂ ਡੇਰੇ ਨੇ ਹਾਲੇ ਰਸਮੀ ਤੌਰ ’ਤੇ ਕਿਸੇ ਪਾਰਟੀ ਨੂੰ ਹਮਾਇਤ ਦੇਣ ਦਾ ਫ਼ੈਸਲਾ ਨਹੀਂ ਲਿਆ ਪਰ ਡੇਰੇ ਦੇ ਸਿਆਸੀ ਵਿੰਗ ਤੋਂ ਸਾਫ਼ ਸੰਕੇਤ ਮਿਲ ਰਹੇ ਹਨ।
ਵਿੰਗ ਦੇ ਚੇਅਰਮੈਨ ਨੇ ਸਿੱਧੇ ਤੌਰ ’ਤੇ ਕੁੱਝ ਵੀ ਨਹੀਂ ਕਿਹਾ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਹੈ ਕਿ ਭਾਜਪਾ ਚੰਗੀ ਪਾਰਟੀ ਹੈ। ਚਰਚਾ ਇਹ ਹੀ ਹੈ ਕਿ ਸੌਦਾ ਸਾਧ ਨੂੰ ਚੋਣ ਮੁਹਿੰਮ ਮੌਕੇ ਜੇਲ ਤੋਂ ਬਾਹਰ ਲਿਆਂਦਾ ਗਿਆ ਹੈ ਅਤੇ ਉਹ ਹੁਣ ਡੇਰਾ ਪ੍ਰੇਮੀਆਂ ਨਾਲ ਵਰਚੂਅਲ ਸਭਾਵਾਂ ਕਰ ਕੇ ਅਪਣਾ ਸੰਦੇਸ਼ ਦੇਣਗੇ। ਸੌਦਾ ਸਾਧ ਨੂੰ ਪੈਰੋਲ ਦੇ ਸਮੇਂ ਦੌਰਾਨ ਪੂਰੇ ਹਰਿਆਣੇ ’ਚ ਕਿਤੇ ਵੀ ਜਾਣ ਤੇ ਘੁੰਮਣ ਦੀ ਆਗਿਆ ਦਿਤੀ ਗਈ ਹੈ ਅਤੇ ਉਨ੍ਹਾਂ ਦੀ ਡੇਰਾ ਸਿਰਸਾ ’ਚ ਅਗਲੇ ਦਿਨਾਂ ’ਚ ਹੋਣ ਵਾਲੀ ਸਤਿਸੰਗ ਸਭਾ ਅਹਿਮ ਹੋਵੇਗੀ।
ਸੌਦਾ ਸਾਧ ਦੇ ਇਸ਼ਾਰੇ ਮੁਤਾਬਕ ਹੀ ਡੇਰੇ ਦਾ ਸਿਆਸੀ ਵਿੰਗ 20 ਫ਼ਰਵਰੀ ਨੂੰ ਕਿਸੇ ਪਾਰਟੀ ਦੇ ਹੱਕ ’ਚ ਵੋਟ ਭੁਗਤਾਉਣ ਲਈ ਅਪਣੇ ਢੰਗ-ਤਰੀਕਿਆਂ ਰਾਹੀਂ ਪ੍ਰੇਮੀਆਂ ਨੂੰ ਸੁਨੇਹਾ ਪਹੁੰਚਾਏਗਾ। ਸੌਦਾ ਸਾਧ ਵੀ ਵੋਟਾਂ ਪੈਣ ਤਕ ਬਾਹਰ ਹੀ ਹਨ ਅਤੇ ਉਨ੍ਹਾਂ ਦੀ ਜੇਲ ਵਾਪਸੀ ਵੋਟਾਂ ਪੈਣ ਵਾਲੇ ਦਿਨ ਤੋਂ ਕੁੱਝ ਦਿਨ ਬਾਅਦ ਹੀ ਹੋਈ ਹੈ। ਸੌਦਾ ਸਾਧ ਦੇ ਸ਼ਰਧਾਲੂਆਂ ਦੀ ਗਿਣਤੀ ਭਾਵੇਂ ਪਹਿਲਾਂ ਪੰਜਾਬ ’ਚ 40 ਲੱਖ ਤੋਂ ਉਪਰ ਮੰਨੀ ਜਾਂਦੀ ਸੀ ਪਰ ਇਹ ਸਜ਼ਾ ਹੋਣ ਤੋਂ ਬਾਅਦ ਅੱਧੀ ਰਹਿ ਗਈ ਹੈ।
ਡੇਰੇ ਦੇ ਸੂਤਰਾਂ ਮੁਤਾਬਕ ਹਾਲੇ ਵੀ 15 ਤੋਂ 20 ਲੱਖ ਪੱਕੇ ਸ਼ਰਧਾਲੂ ਹਨ। ਖਾਸ ਤੌਰ ’ਤੇ ਮਾਲਵੇ ਦੀਆਂ 69 ਸੀਟਾਂ ’ਤੇ ਇਹ ਪ੍ਰਭਾਵ ਰਖਦੇ ਹਨ ਅਤੇ 20 ਤੋਂ 25 ਸੀਟਾਂ ਉਪਰ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ ਜੇ ਡੇਰਾ ਕਿਸੇ ਇਕੋ ਪਾਰਟੀ ਨੂੰ ਵੋਟ ਪਾਉਣ ਦਾ ਇਸ਼ਾਰਾ ਕਰ ਦੇਵੇ। ਪਿਛਲੀਆਂ ਚੋਣਾਂ ’ਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਵੱਖ-ਵੱਖ ਚੋਣਾਂ ’ਚ ਵੱਖ-ਵੱਖ ਪਾਰਟੀਆਂ ਨੂੰ ਪੈਦੀਆਂ ਰਹੀਆਂ ਹਨ। 2007, 2012 ਅਤੇ 2017 ’ਚ ਸਿਰਸਾ ਡੇਰੇ ਦੀਆਂ ਵੋਟਾਂ ਦੀ ਮਾਲਵੇ ਦੀਆਂ ਸੀਟਾਂ ਉਪਰ ਅਹਿਮ ਭੂਮਿਕਾ ਰਹੀ ਹੈ। 2007 ’ਚ ਡੇਰੇ ਦੀ ਹਮਾਇਤ ਕਾਂਗਰਸ ਨੂੰ, 2012 ’ਚ ਅਕਾਲੀ ਅਤੇ 2017 ’ਚ ਅਕਾਲੀ ਤੇ ਕਾਂਗਰਸ ਦੋਵਾਂ ਨੂੰ ਅੰਦਰਖਾਤੇ ਹਮਾਇਤ ਰਹੀ ਹੈ। 2014 ’ਚ ਹਰਿਆਣਾ ’ਚ ਭਾਜਪਾ ਨੂੰ ਖੁਲ੍ਹ ਕੇ ਡੇਰੇ ਦਾ ਸਮਰਥਨ ਰਿਹਾ ਤੇ ਭਾਜਪਾ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਰਹੀ ਹੈ। ਬੇਅਦਬੀ ਤੇ ਗੋਲੀਕਾਂਡ ਬਾਅਦ ਪੰਜਾਬ ’ਚ ਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕੋਈ ਵੀ ਪ੍ਰਮੁੱਖ ਪਾਰਟੀ ਸੌਦਾ ਸਾਧ ਦੇ ਸਮਰਥਨ ’ਚ ਨਹੀਂ ਰਹੀ। ਇਸ ਲਈ ਹੁਣ ਭਾਜਪਾ ਜੇਲ ’ਚ ਗੰਭੀਰ ਅਪਰਾਧਾਂ ਦੀ ਸਜ਼ਾ ਭੁਗਤ ਰਹੇ ਸੌਦਾ ਸਾਧ ਨਾਲ ਅੰਦਰਖਾਤੇ ਉਸ ਦੀ ਮਦਦ ਕਰ ਕੇ ਡੇਰੇ ਦੀਆਂ ਵੋਟਾਂ ਬਟੋਰਨ ਦੀ ਨੀਤੀ ’ਤੇ ਚਲ ਰਹੀ ਹੈ।