
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐਮ. ਮੋਦੀ ਨੂੰ ਕਿਹਾ ਕਿ ਉਹ ਸਪੱਸ਼ਟ ਦੱਸਣ ਕਿ 1999 ਭਾਜਪਾ ਸਰਕਾਰ ਨੇ ਮਸੂਦ ਅਜ਼ਹਰ ਨੂੰ ਭਾਰਤੀ ਜੇਲ੍ਹ ਵਿਚੋਂ ਰਿਹਾਅ ਕੀਤਾ ਸੀ।
ਹਾਵੇਰੀ : ਪੁਲਵਾਮਾ ਅਤਿਵਾਦੀ ਹਮਲੇ ਦੇ ਮਾਮਲੇ ’ਤੇ ਭਾਜਪਾ ਨੂੰ ਲੰਮੇ ਹੱਥੀਂ ਲੈਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਦੇਸ਼ ਨੂੰ ਸਪੱਸ਼ਟ ਦੱਸਣ ਕਿ 1999 ਵਿਚ ਕਿਉਂ ਤਤਕਾਲੀ ਭਾਜਪਾ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਭਾਰਤੀ ਜੇਲ੍ਹ ਵਿਚੋਂ ਰਿਹਾਅ ਕੀਤਾ ਸੀ।
ਅਜ਼ਹਰ ਦੀ ਰਿਹਾਈ ਦਾ ਮੁੱਦਾ ਚੁੱਕਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਹੁਣ ਖੁੱਲ੍ਹ ਕੇ ਦੱਸਣ ਕਿ 1999 ਵਿਚ ਭਾਜਪਾ ਦੀ ਅਗਵਾਈ ਵਾਲੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਨੇ ਮਸੂਦ ਨੂੰ ਕਿਵੇਂ ਰਿਹਾਅ ਕਰ ਕੇ ਪਾਕਿਸਤਾਨ ਵਾਪਸ ਭੇਜਿਆ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਕਦੇ ਅਤਿਵਾਦ ਅੱਗੇ ਨਹੀਂ ਝੁਕੇਗੀ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੋਵੇਂ ਧਿਰਾਂ ਕੌਮੀ ਸੁਰੱਖਿਆ ਦੇ ਮੁੱਦੇ ’ਤੇ ਇਕ ਦੂਜੇ ਉੱਤੇ ਦੋਸ਼ ਮੜ੍ਹ ਰਹੀਆਂ ਹਨ ਅਤੇ ਮਾਮਲੇ ਦੇ ਸਿਆਸੀਕਰਨ ਦਾ ਇਲਜ਼ਾਮ ਵੀ ਲਾ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੀਆਰਪੀਐੱਫ ਜਵਾਨਾਂ ਦੀ ਮੌਤ ਲਈ ਜੈਸ਼-ਏ-ਮੁਹੰਮਦ ਜ਼ਿੰਮੇਵਾਰ ਸੀ ਤੇ ਇਸ ਦਾ ਜਨਮਦਾਤਾ ਮਸੂਦ ਅਜ਼ਹਰ ਹੈ।
ਉਨ੍ਹਾਂ ਅਜ਼ਹਰ ਦੀ ਰਿਹਾਈ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਜਸਵੰਤ ਸਿੰਘ ਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਹੀ ਮਸੂਦ ਨੂੰ ਪਾਕਿ ਛੱਡ ਕੇ ਆਏ ਸਨ, ਫੇਰ ਮੋਦੀ ਇਸ ਦਾ ਜ਼ਿਕਰ ਆਪਣੇ ਭਾਸ਼ਨਾਂ ਵਿਚ ਕਿਉਂ ਨਹੀਂ ਕਰ ਰਹੇ? ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਜੀਐੱਸਟੀ ਦੀ ਥਾਂ ਸਰਲ ‘ਇਕ ਟੈਕਸ ਜੀਐੱਸਟੀ’ ਲਿਆਏਗੀ ਤੇ ਸੱਤਾ ਵਿਚ ਆਉਂਦਿਆਂ ਹੀ ਔਰਤਾਂ ਲਈ ਸੰਸਦ ਤੇ ਵਿਧਾਨ ਸਭਾਵਾਂ ਵਿਚ ਰਾਖ਼ਵਾਂਕਰਨ ਲਾਗੂ ਕੀਤਾ ਜਾਵੇਗਾ।
ਹੈਦਰਾਬਾਦ: ਇੱਥੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ਵਿਚ ਘੱਟੋ-ਘੱਟ ਆਮਦਨ ਗਰੰਟੀ ਸਕੀਮ ਲਾਗੂ ਕੀਤੀ ਜਾਵੇਗੀ ਅਤੇ ਗਰੀਬ ਲੋਕਾਂ ਦੇ ਖਾਤਿਆਂ ਵਿਚ ਪੈਸੇ ਪਾਣੇ ਜਾਣਗੇ।
-ਪੀਟੀਆਈ