
ਕਿਹਾ - ਜੇ ਕਾਂਗਰਸ ਸੱਤਾ 'ਚ ਆਈ ਤਾਂ ਉਹ ਰਾਫ਼ੇਲ ਘਪਲੇ ਦੀ ਜਾਂਚ ਯਕੀਨੀ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਦੋਸ਼ੀ ਲੋਕਾਂ ਨੂੰ ਸਲਾਖਾਂ ਪਿੱਛੇ ਭੇਜਣਗੇ
ਰਾਏਗੰਜ (ਪਛਮੀ ਬੰਗਾਲ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਵਿਚੋਂ ਪਹਿਲਾ ਭਾਰਤ ਨੀਰਵ ਮੋਦੀ ਅਤੇ ਅਨਿਲ ਅੰਬਾਨੀ ਵਰਗੇ ਅਪਣੇ ਦੋਸਤਾਂ ਲਈ ਜਦਕਿ ਦੂਜਾ ਭਾਰਤ ਦੇਸ਼ ਦੇ ਗ਼ਰੀਬ ਕਿਸਾਨਾਂ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਉਹ ਰਾਫ਼ੇਲ ਘਪਲੇ ਦੀ ਜਾਂਚ ਯਕੀਨੀ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਦੋਸ਼ੀ ਲੋਕਾਂ ਨੂੰ ਸਲਾਖਾਂ ਪਿੱਛੇ ਭੇਜਣਗੇ।
Rahul Gandhi
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਬੀਤੇ ਸਮੇਂ ਵਿਚ ਭਾਜਪਾ ਨਾਲ ਗਠਜੋੜ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਾਂਗਰਸ ਵਿਰੁਧ ਉਨ੍ਹਾਂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਤਰ ਬੰਗਾਲ ਵਿਚ ਇਕ ਚੋਣ ਸਬੰਧੀ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਵਿਚ ਭਾਜਪਾ ਵਿਰੁਧ ਜੀ-ਜਾਨ ਨਾਲ ਲੜਾਈ ਲੜ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦਾ ਚਿਹਰਾ ਉਨ੍ਹਾਂ ਦੇ ਸ਼ਬਦਾਂ ਨਾਲ ਮੇਲ ਨਹੀਂ ਖਾ ਰਿਹਾ। ਉਨ੍ਹਾਂ ਕਿਹਾ ਕਿ ਅਪਣੀਆਂ ਚੋਣ ਰੈਲੀਆਂ ਵਿਚ ਮੋਦੀ ਠੀਕ ਢੰਗ ਨਾਲ ਬੋਲ ਨਹੀਂ ਪਾ ਰਹੇ ਕਿਉਂਕਿ ਉਹ ਡਰੇ ਹੋਏ ਹਨ ਕਿ ਜੇ ਕਾਂਗਰਸ ਨੇ ਰਾਫ਼ੇਲ ਘਪਲੇ ਦੀ ਜਾਂਚ ਕਰਵਾਈ ਤਾਂ ਉਹ ਜੇਲ ਜਾ ਸਕਦੇ ਹਨ।
Rahul Gandhi
ਕਾਂਗਰਸ ਦੀ ਨਿਆ ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਗ਼ਰੀਬਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਣ ਦੀ ਯੋਜਨਾ ਲਈ ਪੈਸਾ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੈ ਮਾਲਿਆ ਵਰਗੇ ਵਪਾਰੀਆਂ ਦੀ ਜੇਬ ਤੋਂ ਆਵੇਗਾ ਜਿਨ੍ਹਾਂ ਨੇ ਜਨਤਾ ਦਾ ਪੈਸਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ। (ਏਜੰਸੀ)