
ਤਿੰਨਾਂ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ
ਝੱਜਰ : ਹਰਿਆਣਾ ਦੇ ਝੱਜਰ 'ਚ ਪਤੀ ਨੇ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਲਿਆ। ਮਾਮਲਾ ਝੱਜਰ ਜ਼ਿਲ੍ਹੇ ਦੇ ਪਿੰਡ ਮਦਾਨਾ ਖੁਰਦ ਦਾ ਹੈ। ਸੋਮਵਾਰ ਸਵੇਰੇ ਜਦੋਂ ਪਰਿਵਾਰ ਦਾ ਕੋਈ ਜੀਅ ਨਾ ਦਿਸ਼ਾ ਤਾਂ ਲੋਕਾਂ ਨੇ ਘਰ ਅੰਦਰ ਝਾਤੀ ਮਾਰੀ। ਇਸ ਤੋਂ ਬਾਅਦ ਇਹ ਦਰਦਨਾਕ ਘਟਨਾ ਸਾਹਮਣੇ ਆਈ।
ਪਤਾ ਲੱਗਦੇ ਹੀ ਝੱਜਰ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਮੌਕੇ ਦਾ ਮੁਆਇਨਾ ਕੀਤਾ ਗਿਆ। ਪੁਲਿਸ ਨੇ ਚਾਰੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਤੀ ਨੇ ਪਹਿਲਾਂ ਦੋਹਾਂ ਬੱਚਿਆਂ ਅਤੇ ਪਤਨੀ ਦਾ ਗਲਾ ਘੁੱਟ ਕੇ ਕਤਲ ਕੀਤਾ। ਜਦੋਂ ਤਿੰਨਾਂ ਦੀ ਮੌਤ ਹੋ ਗਈ ਤਾਂ ਉਸ ਨੇ ਖ਼ੁਦ ਫਾਹਾ ਲੈ ਲਿਆ। ਪੁਲਿਸ ਨੂੰ ਪਤਨੀ ਅਤੇ ਦੋਹਾਂ ਬੱਚਿਆਂ ਦੇ ਗਲੇ 'ਤੇ ਨਿਸ਼ਾਨ ਵੀ ਮਿਲੇ ਹਨ।
ਹਾਲਾਂਕਿ ਉਸ ਨੇ ਅਜਿਹਾ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਿਸ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੀ ਲੜਕੀ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪੁੱਤਰ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਇਸ ਘਟਨਾ ਨਾਲ ਇਲਾਕੇ ਦਾ ਹਰ ਵਿਅਕਤੀ ਸਦਮੇ 'ਚ ਹੈ। ਕੋਈ ਸਮਝ ਨਹੀਂ ਪਾ ਰਿਹਾ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ? ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਸ ਨੇ ਮੌਤ ਤੋਂ ਪਹਿਲਾਂ ਕੋਈ ਸੁਸਾਈਡ ਨੋਟ ਛੱਡਿਆ ਸੀ ਜਾਂ ਨਹੀਂ।