
ਲਿਖਿਆ- ''ਮੈਂ ਕੇਸ ਕਰ ਦਿਤਾ, ਬੈਸਟ ਆਫ਼ ਲਕ...ਹੁਣ ਤੂੰ ਜਾ ਜੇਲ।’’
ਬਰੇਲੀ, 10 ਅਪ੍ਰੈਲ : ਪਤਨੀ ਦੇ ਝੂਠੇ ਦੋਸ਼ਾਂ, ਥਾਣੇ ’ਚ ਕੁੱਟਮਾਰ ਅਤੇ ਸਮਾਜਕ ਅਪਮਾਨ ਤੋਂ ਦੁਖੀ ਹੋ ਕੇ 24 ਸਾਲਾ ਇਕ ਵਿਅਕਤੀ ਰਾਜ ਆਰੀਆ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਖੇਤਰੀ ਅਧਿਕਾਰੀ ਅਜੇ ਕੁਮਾਰ ਨੇ ਦਸਿਆ ਕਿ ਬਰੇਲੀ ਦੇ ਇੱਜ਼ਤਨਗਰ ਥਾਣਾ ਖੇਤਰ ਦੀ ਮੁੰਸ਼ੀ ਨਗਰ ਕਾਲੋਨੀ ’ਚ ਬੁਧਵਾਰ ਸ਼ਾਮ ਰਾਜ ਆਰੀਆ ਨੇ ਅਪਣੀ ਮਾਂ ਨੂੰ ਕਿਹਾ ਕਿ ਉਹ ਹਮੇਸ਼ਾ ਲਈ ਸੌਣ ਜਾ ਰਿਹਾ ਹੈ।
ਮਾਂ ਉਸ ਦੀ ਗੱਲ ਸਮਝ ਨਹੀਂ ਸਕੀ ਪਰ ਕੁਝ ਦੇਰ ਬਾਅਦ ਜਦੋਂ ਉਸ ਨੇ ਕਮਰੇ ’ਚ ਦੇਖਿਆ ਤਾਂ ਰਾਜ ਪੱਖੇ ਨਾਲ ਲਟਕਿਆ ਹੋਇਆ ਸੀ। ਰਾਜ ਦੇ ਪਰਵਾਰ ਵਾਲਿਆਂ ਅਨੁਸਾਰ, ਇਸ ਘਟਨਾ ਤੋਂ ਇਕ ਦਿਨ ਪਹਿਲੇ ਮੰਗਲਵਾਰ ਨੂੰ ਰਾਜ ਆਰੀਆ ਦੀ ਪਤਨੀ ਸਿਮਰਨ ਨੇ ਸੋਸ਼ਲ ਮੀਡੀਆ ’ਤੇ ਸਟੇਟਸ ਪਾਇਆ ਸੀ, ਜਿਸ ਨੇ ਰਾਜ ਨੂੰ ਪਰੇਸ਼ਾਨ ਕਰ ਦਿਤਾ ਸੀ। ਉਸ ਨੇ ਲਿਖਿਆ,‘‘ਮੈਂ ਅਪਣੇ ਪਤੀ ’ਤੇ ਕੇਸ ਕਰ ਦਿਤਾ ਹੈ। ਉਹ 10.30 ਵਜੇ ਤਕ ਜੇਲ ’ਚ ਹੋਵੇਗਾ। ਬੈਸਟ ਆਫ਼ ਲਕ...ਹੁਣ ਤੂੰ ਜਾ ਜੇਲ।’’
ਇਸ ਤੋਂ ਕੁਝ ਹੀ ਦੇਰ ਬਾਅਦ ਸਿਮਰਨ ਨੇ ਮਹਿਲਾ ਥਾਣੇ ’ਚ ਪਤੀ ਅਤੇ ਸਹੁਰੇ ਪਰਵਾਰ ’ਤੇ ਦਾਜ ਦਾ ਮੁਕੱਦਮਾ ਦਰਜ ਕਰਵਾ ਦਿਤਾ। ਰਾਜ ਦੇ ਪਿਤਾ ਮਨੀਸ਼ ਬਾਬੂ ਦਾ ਦੋਸ਼ ਹੈ ਕਿ ਉਸ ਦੀ ਨੂੰਹ ਸਿਮਰਨ ਦਾ ਭਰਾ ਸਾਗਰ ਪੁਲਿਸ ਕਾਂਸਟੇਬਲ ਹੈ ਅਤੇ ਉਸੇ ਨੇ ਅਪਣੀ ਵਰਦੀ ਦਾ ਇਸਤੇਮਾਲ ਕਰ ਕੇ ਰਾਜ, ਉਸ ਦੀ ਮਾਂ ਅਤੇ ਪਿਤਾ ਨੂੰ ਥਾਣੇ ਬੁਲਵਾਇਆ।
ਮਨੀਸ਼ ਨੇ ਕਿਹਾ ਕਿ ਉਸ ਤੋਂ ਬਾਅਦ ਥਾਣੇ ’ਚ ਪੁਲਿਸ ਨੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਅਪਮਾਨਤ ਕੀਤਾ ਗਿਆ। ਰਾਜ ਆਰੀਆ ਨੇ ਅਪ੍ਰੈਲ 2024 ’ਚ ਸ਼ਾਹਜਹਾਂਪੁਰ ਦੀ 23 ਸਾਲਾ ਸਿਮਰਨ ਨਾਲ ਪ੍ਰੇਮ ਵਿਆਹ ਕੀਤਾ ਸੀ। ਉਸ ਸਮੇਂ ਦੋਵੇਂ ਇਕ ਕੰਪਨੀ ’ਚ ਨੌਕਰੀ ਕਰਦੇ ਸਨ। ਕੁਝ ਸਮੇਂ ਪਹਿਲਾਂ ਰਾਜ ਦੀ ਨੌਕਰੀ ਚਲੀ ਗਈ ਅਤੇ ਡੇਢ ਮਹੀਨੇ ਪਹਿਲੇ ਉਹ ਇਕ ਧੀ ਦਾ ਪਿਤਾ ਬਣਿਆ ਸੀ।
ਰਾਜ ਦੇ ਪਰਵਾਰ ਨੇ ਦਸਿਆ ਕਿ ਕੁਝ ਸਮੇਂ ਤੋਂ ਰਾਜ ਅਤੇ ਸਿਮਰਨ ਵਿਚਾਲੇ ਵਿਵਾਦ ਹੋਣ ਲੱਗਾ ਅਤੇ 10 ਦਿਨ ਪਹਿਲੇ ਝਗੜਾ ਇੰਨਾ ਵਧਿਆ ਕਿ ਸਿਮਰਨ ਪੇਕੇ ਚਲੀ ਗਈ। ਬੁਧਵਾਰ ਸਵੇਰੇ ਉਸ ਨੇ ਇੰਸਟਾਗ੍ਰਾਮ ’ਤੇ 2 ਸਟੇਟਸ ਲਗਾਏ ਅਤੇ ਪੋਸਟ ਪਾਈ। ਪਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਤਨੀ ਤੋਂ ਪਰੇਸ਼ਾਨ ਹੋ ਕੇ ਰਾਜ ਨੇ ਖ਼ੁਦਕੁਸ਼ੀ ਕੀਤੀ ਹੈ।