
Electricity bill controversy: ਤਿੰਨ ਮਹੀਨਿਆਂ ਦਾ ਕੁੱਲ ਬਿੱਲ 91000 ਰੁਪਏ ਬਣਿਆ, ਜਿਸ ’ਚ 55000 ਰੁਪਏ ਇਕੱਲੇ ਮਾਰਚ ਦੇ
ਕੰਗਨਾ ਨੇ ਮੀਡੀਆ ’ਚ 1 ਲੱਖ ਦਾ ਬਿੱਲ ਭੇਜਣ ਦਾ ਕੀਤਾ ਸੀ ਦਾਅਵਾ
Electricity bill controversy: ਬਾਲੀਵੁੱਡ ਅਦਾਕਾਰਾ ਅਤੇ ਮੰਡੀ ਸੰਸਦੀ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਬਿਜਲੀ ਬਿੱਲ ਨੂੰ ਲੈ ਕੇ ਵਧ ਰਹੇ ਵਿਵਾਦ ਵਿਚਕਾਰ, ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਲਿਮਟਿਡ (ਐਚਪੀਐਸਈਬੀਐਲ) ਨੇ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ। ਐਚਪੀਐਸਈਬੀਐਲ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਕੁਮਾਰ ਨੇ ਕੰਗਨਾ ਰਣੌਤ ਦੇ ਕਥਿਤ ਤੌਰ ’ਤੇ ਵਧੇ ਹੋਏ ਬਿਜਲੀ ਬਿੱਲ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ,‘‘ਕੰਗਨਾ ਰਣੌਤ ਨੇ ਮੀਡੀਆ ਵਿੱਚ ਇੱਕ ਮੁੱਦਾ ਉਠਾਇਆ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਬਿਜਲੀ ਬੋਰਡ ਨੇ ਉਨ੍ਹਾਂ ਨੂੰ 1 ਲੱਖ ਰੁਪਏ ਦਾ ਬਿੱਲ ਭੇਜਿਆ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਬਿੱਲ 1 ਲੱਖ ਰੁਪਏ ਦਾ ਨਹੀਂ ਸਗੋਂ 91,000 ਰੁਪਏ ਅਤੇ ਕੁਝ ਸੌ ਰੁਪਏ ਦਾ ਸੀ।’’
ਉਨ੍ਹਾਂ ਅੱਗੇ ਦੱਸਿਆ ਕਿ ਜਿਸ ਰਕਮ ’ਤੇ ਸਵਾਲ ਚੁਕਿਆ ਗਿਆ ਹੈ, ਉਹ ਇੱਕ ਮਹੀਨੇ ਦਾ ਬਿੱਲ ਨਹੀਂ ਸਗੋਂ ਕਈ ਬਿਲਿੰਗ ਚੱਕਰਾਂ ਅਤੇ ਬਕਾਇਆ ਰਕਮਾਂ ਨੂੰ ਜੋੜਦੀ ਇੱਕ ਕੁੱਲ ਰਕਮ ਹੈ। ਕੁਮਾਰ ਅਨੁਸਾਰ, ਕੰਗਨਾ ਨੇ 16 ਜਨਵਰੀ ਨੂੰ ਆਪਣੇ ਨਵੰਬਰ ਅਤੇ ਦਸੰਬਰ ਦੇ ਬਿੱਲਾਂ ਦਾ ਭੁਗਤਾਨ ਕੀਤਾ ਸੀ, ਅਤੇ ਉਨ੍ਹਾਂ ਨੇ ਜਨਵਰੀ ਤੇ ਫ਼ਰਵਰੀ ਦੇ ਬਿੱਲਾਂ ਦਾ ਭੁਗਤਾਨ ਵੀ ਨਹੀਂ ਕੀਤਾ ਸੀ। ਬਿੱਲ ਬਨਣ ਤਕ ਮਾਰਚ ਦਾ 20 ਦਿਨਾਂ ਦਾ ਬਿਲਿੰਗ ਚੱਕਰ ਪਹਿਲਾਂ ਹੀ ਲੰਘ ਚੁੱਕਾ ਸੀ। ਉਨ੍ਹਾਂ ਕਿਹਾ, ‘‘ਲਗਭਗ 31,000 ਤੋਂ 32,000 ਰੁਪਏ ਬਕਾਇਆ ਹੈ, ਅਤੇ ਇਕੱਲੇ ਮਾਰਚ ਦੇ 28 ਦਿਨਾਂ ਦਾ ਉਸਦਾ ਬਿੱਲ ਲਗਭਗ 55,000 ਰੁਪਏ ਸੀ। ਹੋਰ ਖ਼ਰਚਿਆਂ ਦੇ ਨਾਲ, ਕੁੱਲ 91,000 ਰੁਪਏ ਦੇ ਕਰੀਬ ਬਣੇ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਭੁਗਤਾਨ ਸਮੇਂ ਸਿਰ ਕੀਤਾ ਜਾਂਦਾ, ਤਾਂ ਰਕਮ ਇੰਨੀ ਜ਼ਿਆਦਾ ਨਾ ਲੱਗਦੀ। ਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਮੁੱਦੇ ਨੂੰ ਜਨਤਕ ਤੌਰ ’ਤੇ ਉਠਾਏ ਜਾਣ ਤੋਂ ਪਹਿਲਾਂ ਕੰਗਨਾ ਵੱਲੋਂ ਕਿਸੇ ਨੇ ਵੀ ਬਿਜਲੀ ਬੋਰਡ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਸੀ। ਕੁਮਾਰ ਨੇ ਕਿਹਾ, ‘‘ਨਾ ਤਾਂ ਕਿਸੇ ਨੇ ਸਾਡੇ ਤੋਂ ਗੁਪਤ ਤੌਰ ’ਤੇ ਪੁੱਛਗਿੱਛ ਕੀਤੀ ਹੈ ਅਤੇ ਨਾ ਹੀ ਅਸੀਂ ਹੁਣ ਤੱਕ ਕੋਈ ਬਿਆਨ ਜਾਰੀ ਕੀਤਾ ਹੈ। ਅਸੀਂ ਸਥਿਤੀ ਸਪੱਸ਼ਟ ਕਰਨ ਲਈ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ।’’ ਮਹੱਤਵਪੂਰਨ ਗੱਲ ਇਹ ਹੈ ਕਿ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਕੰਗਨਾ ਨੂੰ 700 ਰੁਪਏ ਦੀ ਸਬਸਿਡੀ ਵੀ ਮਿਲੀ ਹੈ, ਜੋ ਕਿ ਨਿਯਮਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਉਸਦੇ ਬਿੱਲ ’ਚ ਜੋੜ ਦਿਤੀ ਗਈ ਹੈ।
ਤਕਨੀਕੀ ਪਹਿਲੂਆਂ ਨੂੰ ਸੰਬੋਧਿਤ ਕਰਦੇ ਹੋਏ, ਕੁਮਾਰ ਨੇ ਕਿਹਾ ਕਿ ਕੰਗਨਾ ਦਾ ਕੁਨੈਕਟਡ ਲੋਡ ਇੱਕ ਔਸਤ ਘਰੇਲੂ ਉਪਭੋਗਤਾ ਨਾਲੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ, ‘‘ਉਸਦੇ ਘਰੇਲੂ ਕੁਨੈਕਸ਼ਨ ’ਤੇ ਲੋਡ 94 ਕਿਲੋਵਾਟ ਹੈ, ਜੋ ਕਿ ਮਿਆਰੀ ਘਰੇਲੂ ਮੀਟਰ ਵਾਲੇ ਲੋਡ ਨਾਲੋਂ ਲਗਭਗ 1500% ਵੱਧ ਹੈ।’’ ਉਨ੍ਹਾਂ ਕਿਹਾ, ‘‘ਸਿਰਫ਼ ਮਾਰਚ ’ਚ 28 ਦਿਨਾਂ ਦੌਰਾਨ ਉਸਨੇ ਲਗਭਗ 9,000 ਯੂਨਿਟ ਬਿਜਲੀ ਦੀ ਖਪਤ ਕੀਤੀ।’’ ਉਨ੍ਹਾਂ ਕਿਹਾ, ‘‘ਉਸਦੇ ਘਰ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ, ਅਤੇ ਇਹ ਬਿੱਲ ਪੂਰੀ ਤਰ੍ਹਾਂ ਉਸ ਕੁਨੈਕਸ਼ਨ ਨਾਲ ਸਬੰਧਤ ਹੈ। ਜੇਕਰ ਉਸਦੇ ਨਾਮ ’ਤੇ ਕੋਈ ਹੋਰ ਕੁਨੈਕਸ਼ਨ ਹਨ, ਤਾਂ ਮੈਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੈ।’’
(For more news apart from Kangana Ranaut’s Latest News, stay tuned to Rozana Spokesman)