
ਪਰਵਾਰ ਦੇ 11 ਮੈਂਬਰਾਂ ਦੇ ਮਰਨ ਦੇ ਮਾਮਲੇ ਵਿਚ ਮਨੋਵਿਗਿਆਨਿਕ ਆਟੋਪਸੀ ਰਿਪੋਰਟ ਤੋਂ ਹਾਸਲ ਹੋਈ ਜਾਣਕਾਰੀ
ਨਵੀਂ ਦਿੱਲੀ: ਦਿੱਲੀ ਦੇ ਬੁਰਾੜੀ ਕਾਂਡ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਉਤਰੀ ਦਿੱਲੀ ਦੇ ਬੁਰਾੜੀ ਵਿਚ ਜੁਲਾਈ ਮਹੀਨੇ ਵਿਚ ਇਕ ਪਰਵਾਰ ਦੇ 11 ਮੈਂਬਰਾਂ ਦੇ ਮਰਨ ਦੇ ਮਾਮਲੇ ਵਿਚ ਮਨੋਵਿਗਿਆਨਿਕ ਆਟੋਪਸੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਹਨਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ ਬਲਕਿ ਉਹ ਕਿਸੇ ਰਸਮ ਦੌਰਾਨ ਘਟਨਾ ਵਿਚ ਮਾਰੇ ਗਏ ਸਨ। ਦਿੱਲੀ ਦੀ ਪੁਲਿਸ ਨੇ ਜੁਲਾਈ ਵਿਚ ਸੀਬੀਆਈ ਨੂੰ ਸਾਈਕੋਲਾਜਿਕਲ ਆਟੋਪਸੀ ਕਰਨ ਨੂੰ ਕਿਹਾ ਸੀ।
Family
ਇਕ ਰਿਪੋਰਟ ਮੁਤਾਬਕ ਇਹ ਖੁਦਕੁਸ਼ੀ ਨਹੀਂ ਸੀ ਬਲਕਿ ਇਕ ਘਟਨਾ ਸੀ ਜੋ ਕਿ ਕੋਈ ਰਸਮ ਕਰਦੇ ਸਮੇਂ ਵਾਪਰ ਗਈ। ਮਨੋਵਿਗਿਆਨਿਕ ਆਟੋਪਸੀ ਦੌਰਾਨ ਸੀਬੀਆਈ ਦੀ ਕੇਂਦਰੀ ਫੋਰੈਂਸਿਕ ਵਿਗਿਆਨ ਲੈਬਾਰਟਰੀ ਨੇ ਘਰ ਵਿਚ ਮਿਲੇ ਰਜਿਸਟਰਾਂ ਵਿਚ ਲਿਖੀਆਂ ਗੱਲਾਂ ਅਤੇ ਪੁਲਿਸ ਦੁਆਰਾ ਦਰਜ ਕੀਤੇ ਗਏ ਚੁੰਡਾਵਤ ਪਰਵਾਰ ਦੇ ਮੈਬਰਾਂ ਅਤੇ ਸਬੰਧੀਆਂ ਦੇ ਬਿਆਨ ਲਏ ਹਨ।
police
ਸੀਐਫਐਸਐਲ ਨੇ ਪਰਵਾਰ ਦੇ ਸਭ ਤੋਂ ਵੱਡੇ ਮੈਂਬਰ ਦਿਨੇਸ਼ ਸਿੰਘ ਚੁੰਡਾਵਤ ਅਤੇ ਉਹਨਾਂ ਦੀ ਭੈਣ ਸੁਜਾਤਾ ਨਾਗਪਾਲ ਤੇ ਕਈ ਹੋਰ ਪਰਵਾਰਾਂ ਤੋਂ ਵੀ ਪੁੱਛਗਿਛ ਕੀਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਮਨੋਵਿਗਿਆਨਿਕ ਆਟੋਪਸੀ ਵਿਚ ਕਿਸੇ ਵਿਅਕਤੀ ਦੇ ਮੈਡੀਕਲ ਰਿਕਾਰਡ ਦਾ ਨਿਰੀਖਣ ਕਰਕੇ, ਸਬੰਧੀਆਂ ਤੋਂ ਪੁੱਛ ਗਿੱਛ ਕਰਕੇ ਅਤੇ ਮੌਤ ਤੋਂ ਪਹਿਲਾਂ ਉਹਨਾਂ ਦੀ ਮਾਨਸਿਕ ਹਾਲਤ ਦਾ ਅਧਿਐਨ ਕਰਕੇ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸੂਤਰਾਂ ਮੁਤਾਬਕ ਪੁਲਿਸ ਨੂੰ ਜਾਂਚ ਦੌਰਾਨ ਪਤਾ ਚਲਿਆ ਸੀ ਕਿ ਪਰਵਾਰ ਦ ਮੈਂਬਰ ਲਲਿਤ ਚੁੰਡਾਵਤ ਅਪਣੇ ਮ੍ਰਿਤਕ ਪਿਤਾ ਵੱਲੋਂ ਨਿਰਦੇਸ਼ ਮਿਲਣ ਦਾ ਦਾਅਵਾ ਕਰਦਾ ਸੀ ਅਤੇ ਉਸ ਹਿਸਾਬ ਨਾਲ ਪਰਵਾਰ ਦੇ ਮੈਂਬਰਾਂ ਤੋਂ ਗਤਿਵਿਧੀਆਂ ਕਰਵਾਉਂਦਾ ਸੀ। ਉਸ ਨੇ ਇਕ ਅਜਿਹੀ ਵਿਧੀ ਕਰਵਾਈ ਜਿਸ ਵਿਚ ਸਾਰੇ ਪਰਵਾਰ ਦੇ ਹੱਥ ਪੈਰ ਬੰਨ੍ਹੇ ਸਨ ਅਤੇ ਚਿਹਰੇ ਨੂੰ ਕਪੜੇ ਨਾਲ ਢੱਕ ਲਿਆ। ਇਸ ਤੋਂ ਬਾਅਦ ਪਤਾ ਨਹੀਂ ਉਸ ਪਰਵਾਰ ਨਾਲ ਕੀ ਵਾਪਰਿਆ ਕਿ ਉਹਨਾਂ ਦੀ ਮੌਤ ਹੋ ਗਈ।