
ਕਿਹਾ - ਰਾਜਨੀਤੀ ਵਿਚ ਗੰਦਗੀ ਅਤੇ ਨਾਂਪੱਖੀ ਗੱਲਾਂ ਦੀ ਆਦਤ ਨਾ ਬਣਾਉ
ਭਦੋਹੀ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਸਦਿਆਂ ਕਿਹਾ ਕਿ 56 ਇੰਚ ਦਾ ਸੀਨਾ ਵਿਖਾਉਣ ਵਾਲੇ ਮੋਦੀ ਦੇ ਸੀਨੇ ਵਿਚ ਦਿਲ ਹੈ ਵੀ ਜਾਂ ਨਹੀਂ। ਯੂਪੀ ਦੇ ਭਦੋਹੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ, 'ਮੋਦੀ 56 ਇੰਚ ਦਾ ਸੀਨਾ ਵਿਖਾਉਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਸੀਨੇ ਵਿਚ ਦਿਲ ਹੈ ਵੀ ਜਾਂ ਨਹੀਂ, ਉਹ ਅਪਣੇ ਦਿਲ ਦਾ ਨਾਮ ਦੱਸਣ।
Priyanka Gandhi
ਉਸ ਦਿਲ ਵਿਚ ਜਨਤਾ ਲਈ ਨਹੀਂ ਸਗੋਂ ਉਦਯੋਗਪਤੀਆਂ ਲਈ ਹਮਦਰਦੀ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਦੌਰ ਦੀਆਂ ਚੋਣਾਂ ਤੋਂ ਪਹਿਲਾਂ ਜਦ ਉਨ੍ਹਾਂ ਗੰਗਾ ਯਾਤਰਾ ਦੌਰਾਨ ਵਾਰਾਣਸੀ ਵਿਚ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤਾਂ ਕੁੱਝ ਵਿਦਿਆਰਥੀਆਂ ਨੇ ਦਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਕੋਲੋਂ ਸਹੁੰ ਪੱਤਰ ਲਿਖਵਾਇਆ ਗਿਆ ਸੀ ਕਿ ਉਹ ਵਾਰਾਣਸੀ ਵਿਚ ਕੋਈ ਧਰਨਾ-ਪ੍ਰਦਰਸ਼ਨ ਨਹੀਂ ਕਰਨਗੇ। ਇਹ ਕਿਹੋ ਜਿਹਾ ਲੋਕਤੰਤਰ ਹੈ।
Priyanka Gandhi
ਪ੍ਰਿਯੰਕਾ ਨੇ ਕਿਹਾ, 'ਰਾਜਨੀਤੀ ਵਿਚ ਝੂਠਾ ਪ੍ਰਚਾਰ ਅਤੇ ਨਾਂਹਪੱਖੀ ਗੱਲਾਂ ਆ ਗਈਆਂ ਹਨ। ਅਸੀਂ ਜੇ ਇਥੇ ਹਾਂ ਤਾਂ ਜਨਤਾ ਸਦਕੇ ਹਾਂ। ਤੁਸੀਂ ਅਪਣੀ ਤਾਕਤ ਨਾ ਭੁੱਲੋ। ਰਾਜਨੀਤੀ ਵਿਚ ਗੰਦਗੀ ਅਤੇ ਨਾਂਪੱਖੀ ਗੱਲਾਂ ਦੀ ਆਦਤ ਨਾ ਬਣਾਉ। ਤੁਸੀਂ ਬਦਲਾਅ ਕਰੋ। ਜਮਹੂਰੀਅਤ ਨੇ ਤੁਹਾਨੂੰ ਤਾਕਤ ਦਿਤੀ ਹੋਈ ਹੈ।' ਉਨ੍ਹਾਂ ਨਰਿੰਦਰ ਮੋਦੀ ਨੂੰ ਹੰਕਾਰੀ ਦਸਦਿਆ ਉਨ੍ਹਾਂ ਨੂੰ ਨਫ਼ਰਤ, ਗੁੱਸਾ ਅਤੇ ਨਾਂਹਪੱਖੀ ਗੱਲਾਂ ਫੈਲਾਉਣ ਵਾਲਾ ਦਸਿਆ। ਉਨ੍ਹਾਂ ਕਿਹਾ ਕਿ ਜਦ ਪ੍ਰਧਾਨ ਮੰਤਰੀ ਤੁਹਾਡੇ ਸਾਹਮਣੇ ਆਉਂਦੇ ਹਨ ਤਾਂ ਕਦੇ ਵੀ ਤੁਹਾਡੀ ਸਮੱਸਆ ਬਾਰੇ ਕੁੱਝ ਨਹੀਂ ਕਹਿੰਦੇ। ਉਹ ਪੁਰਾਣੀਆਂ ਗੱਲਾਂ ਕਰਦੇ ਰਹਿੰਦੇ ਹਨ।