
ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ। NIA ਦੀ ਇਕ ਟੀਮ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਆ ਰਹੀ ਹੈ।
ਐਸ.ਏ.ਐਸ. ਨਗਰ: ਦੇਰ ਰਾਤ ਮੁਹਾਲੀ ਵਿਖੇ ਸਥਿਤ ਸਟੇਟ ਪੁਲਿਸ ਇੰਟੈਲੀਜੈਂਸ ਦਫ਼ਤਰ ਵਿਚ ਧਮਾਕਾ ਹੋਇਆ ਹੈ। ਮੁਢਲੀ ਜਾਣਕਾਰੀ ਮੁਤਾਬਕ ਗਰਨੇਡ ਹਮਲਾ ਕੀਤਾ ਗਿਆ ਹੈ। ਤੀਜੀ ਮੰਜ਼ਲ ਉਪਰ ਗਰਨੇਡ ਸੁਟਿਆ ਗਿਆ, ਜਿਸ ਨਾਲ ਬਿਲਡਿੰਗਜ਼ ਦੇ ਸ਼ੀਸ਼ੇ ਟੁੱਟੇ ਹਨ। ਗਰਨੇਡ ਸੁੱਟਣ ਲਈ ਰਾਕੇਟ ਲਾਂਚਰ ਦੇ ਇਸਤੇਮਾਲ ਦੀ ਸ਼ੰਕਾ ਪ੍ਰਗਟ ਕੀਤੀ ਗਈ। ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ। NIA ਦੀ ਇਕ ਟੀਮ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਆ ਰਹੀ ਹੈ। ਉਹ ਇਸ ਦੀ ਵੀ ਜਾਂਚ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੁਹਾਲੀ 'ਚ ਹੋਏ ਬਲਾਸਟ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ‘ਬੰਬ’ ਜਾਂ ਧਮਾਕਾ ਸਮਗਰੀ ਦਫ਼ਤਰ ਵਿਚ ਮੇਜ਼ ਉਤੇ ਜਾ ਡਿੱਗਾ। ਪੁਲਿਸ ਨੇ 11 ਵਜੇ ਤੋਂ ਬਾਅਦ ਬਿਆਨ ਜਾਰੀ ਕਰ ਕੇ ਦਸਿਆ ਕਿ ਘਟਨਾ ਸ਼ਾਮ 7 ਵੱਜ ਕੇ 45 ਮਿੰਟ ਤੇ ਵਾਪਰੀ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਮੌਕੇ ਉਪਰ ਘੇਰਾਬੰਦੀ ਕਰ ਕੇ ਵੱਡੀ ਗਿਣਤੀ ਵਿਚ ਫ਼ੋਰਸ ਤਾਇਨਾਤ ਕਰ ਦਿਤੀ ਗਈ ਹੈ। ਸਾਰੇ ਆਸ-ਪਾਸ ਦੇ ਖੇਤਰ ਨੂੰ ਸੀਲ ਕਰ ਦਿਤਾ ਗਿਆ ਹੈ। ਮੀਡੀਆ ਨੂੰ ਵੀ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ। ਆਈ.ਜੀ. ਅਤੇ ਐਸ.ਐਸ.ਪੀ. ਸਣੇ ਹੋਰ ਪੁਲਿਸ ਅਧਿਕਾਰੀ ਅਤੇ ਬੰਬ ਵਿਰੋਧੀ ਦਸਤਾ ਵੀ ਮੌਕੇ ਉਪਰ ਪਹੁੰਚ ਗਏ ਹਨ। ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਚੰਡੀਗੜ੍ਹ ਦੇ ਐਸ.ਐਸ.ਪੀ. ਵੀ ਮੌਕੇ ’ਤੇ ਪਹੁੰਚੇ।
NIA to probe blast at Punjab Police Intelligence Headquarter
ਪੁਲਿਸ ਮੁਤਾਬਕ ਇਹ ਹਮਲਾ ਕਰੀਬ 80 ਮੀਟਰ ਦੀ ਦੂਰੀ ਤੋਂ ਕੀਤਾ ਗਿਆ। ਅਣਪਛਾਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਖੁਫੀਆ ਵਿਭਾਗ ਇਲਾਕੇ ਦੇ ਸੀਸੀਟੀਵੀ ਫੁਟੇਜ, ਮੋਬਾਈਲ ਟਾਵਰ ਦੀ ਛਾਣਬੀਣ ਕਰ ਰਿਹਾ ਹੈ। ਪੁਲਿਸ ਦੀ ਚਿੰਤਾ ਇਸ ਲਈ ਜ਼ਿਆਦਾ ਹੈ ਕਿਉਂਕਿ ਅਫਗਾਨਿਸਤਾਨ ਵਿਚ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ 'ਚ ਵੀ ਇਹਨਾਂ ਦੀ ਵਰਤੋਂ ਦੀ ਚਰਚਾ ਹੈ।
NIA to probe blast at Punjab Police Intelligence Headquarter
ਦੂਜੇ ਪਾਸੇ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਇਸ ਹਮਲੇ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਉਹਨਾਂ ਨੇ ਯਕੀਨੀ ਤੌਰ 'ਤੇ ਕਿਹਾ ਕਿ ਇਹ ਹਮਲਾ ਥੋੜ੍ਹੀ ਦੂਰੀ ਤੋਂ ਕੀਤਾ ਗਿਆ ਹੈ। ਇਸ ਹਮਲੇ ਤੋਂ ਬਾਅਦ ਪੂਰੇ ਪੰਜਾਬ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਮੁਹਾਲੀ ਅਤੇ ਚੰਡੀਗੜ੍ਹ ਨਾਲ ਲੱਗਦੀ ਸਰਹੱਦ 'ਤੇ ਸਖਤੀ ਵਧਾ ਦਿੱਤੀ ਗਈ ਹੈ। ਇੱਥੇ ਲਗਾਤਾਰ ਚੈਕਿੰਗ ਜਾਰੀ ਹੈ। ਹਮਲੇ ਦਾ ਪਤਾ ਲੱਗਦਿਆਂ ਹੀ ਸੀਐਮ ਭਗਵੰਤ ਮਾਨ ਹਰਕਤ ਵਿਚ ਆ ਗਏ। ਉਹਨਾਂ ਨੇ ਇਸ ਸਬੰਧੀ ਡੀਜੀਪੀ ਵੀਕੇ ਭਾਵਰਾ ਤੋਂ ਰਿਪੋਰਟ ਤਲਬ ਕੀਤੀ ਹੈ। ਫਿਲਹਾਲ ਪੁਲਿਸ ਹਥਿਆਰਾਂ ਦੀ ਜਾਂਚ ਕਰ ਰਹੀ ਹੈ। ਇਸ ਦੇ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ।