
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਹੀਦ ਦੇ ਮਾਪਿਆਂ ਨੂੰ ਸੌਂਪਿਆ ਸਨਮਾਨ
ਨਵੀਂ ਦਿੱਲੀ : ਪੰਜਾਬ ਦੇ ਸ਼ਹੀਦ ਜਸਬੀਰ ਸਿੰਘ ਵੀ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ 'ਤੇ ਸ਼ੌਰਿਆ ਚੱਕਰ ਪ੍ਰਾਪਤ ਕਰਨ ਵਾਲੇ 8 ਸੈਨਿਕਾਂ 'ਚ ਸ਼ਾਮਲ ਸਨ। ਬੀਤੇ ਦਿਨ ਜਸਬੀਰ ਸਿੰਘ ਦੇ ਮਾਤਾ ਪਿਤਾ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਜਸਬੀਰ ਸਿੰਘ ਦਾ ਸ਼ੌਰਿਆ ਚੱਕਰ ਸਨਮਾਨ ਭੇਂਟ ਕੀਤਾ ਗਿਆ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵੇਈਪੁਈ ਦੇ ਜਸਬੀਰ ਸਿੰਘ 29 ਦਸੰਬਰ 2021 ਨੂੰ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਜਸਬੀਰ ਸਿੰਘ ਵਲੋਂ ਇਸ ਦੌਰਾਨ ਦਿਖਾਈ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਜਸਬੀਰ ਸਿੰਘ ਦੇ ਘਰ ਉਨ੍ਹਾਂ ਦੇ ਵਿਆਹ ਦੀਆਂ ਗੱਲਾਂ ਚਲ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਸ਼ਹੀਦੀ ਦਾ ਜਾਮ ਪੀ ਲਿਆ। ਸ਼ਹੀਦ ਜਸਬੀਰ ਸਿੰਘ ਜਦੋਂ ਤਿਰੰਗੇ ਵਿਚ ਲਪੇਟ ਕੇ ਘਰ ਪਹੁੰਚੇ ਤਾਂ ਹਰ ਜ਼ੁਬਾਨ ’ਤੇ ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਸਨ।
ਗਨਰ ਜਸਬੀਰ ਸਿੰਘ ਦੇ ਪਿਤਾ ਗੁਰਬੇਜ ਸਿੰਘ ਨੇ ਦੱਸਿਆ ਕਿ ਉਹ ਸ਼ਹੀਦ ਹੋਣ ਤੋਂ ਦੋ ਹਫ਼ਤੇ ਪਹਿਲਾਂ ਹੀ ਛੁੱਟੀ ’ਤੇ ਘਰ ਆਇਆ ਸੀ। ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ। ਵਿਆਹ ਦੀ ਉਮਰ ਹੋ ਚੁਕੀ ਸੀ ਤਾਂ ਹਰ ਕੋਈ ਉਸ ਦੇ ਵਿਆਹ ਦੀਆਂ ਗੱਲਾਂ ਕਰ ਰਿਹਾ ਸੀ। ਪਰ ਕੋਈ ਨਹੀਂ ਜਾਣਦਾ ਸੀ ਕਿ ਜੇ ਇਸ ਵਾਰ ਗਿਆ ਤਾਂ ਉਹ ਕਦੇ ਵਾਪਸ ਨਹੀਂ ਆਵੇਗਾ।
ਇਸ ਤੋਂ ਇਲਾਵਾ ਹਲਕਾ ਮਜੀਠਾ ਦੇ ਨੌਜਵਾਨ ਮੇਜਰ ਸੰਦੀਪ ਕੁਮਾਰ ਨੂੰ ਵੀ ਰਾਸ਼ਟਰਪਤੀ ਵਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਜੰਮੂ-ਕਸ਼ਮੀਰ ਵਿਚ ਉਹਨਾਂ ਨੇ 5 ਅਪਰੇਸ਼ਨਾਂ ਦੌਰਾਨ ਬਹਾਦਰੀ ਤੇ ਸਾਹਸ ਨਾਲ 13 ਅਤਿਵਾਦੀਆਂ ਨੂੰ ਢੇਰ ਕੀਤਾ ਸੀ।