
ਦਿੱਲੀ ਰੌਜ਼ ਰੈਵੇਨਿਊ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ
Brij Bhushan Singh : ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਦਿੱਲੀ ਰੌਜ਼ ਰੈਵੇਨਿਊ ਕੋਰਟ ਨੇ ਸ਼ੁੱਕਰਵਾਰ ਨੂੰ ਇਹ ਫੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਭਾਜਪਾ ਨੇ ਇਸ ਵਾਰ ਕੈਸਰਗੰਜ ਤੋਂ ਉਨ੍ਹਾਂ ਦੀ ਟਿਕਟ ਕੱਟ ਕੇ ਉਨ੍ਹਾਂ ਦੇ ਪੁੱਤਰ ਕਰਨ ਨੂੰ ਦੇ ਦਿੱਤੀ ਹੈ।
ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਮਹਿਲਾ ਦੀ ਇੱਜ਼ਤ ਦਾ ਅਪਮਾਨ ਕਰਨ ਦਾ ਵੀ ਆਰੋਪ ਵੀ ਉਨ੍ਹਾਂ 'ਤੇ ਚਾਰਜ ਕੀਤਾ ਹੈ। ਅਦਾਲਤ ਨੇ ਬ੍ਰਿਜਭੂਸ਼ਣ ਦੇ ਕੁਸ਼ਤੀ ਸੰਘ ਦੇ ਸਕੱਤਰ ਵਿਨੋਦ ਤੋਮਰ ਵਿਰੁੱਧ ਵੀ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ।
ਅਦਾਲਤ ਨੇ ਬ੍ਰਿਜ ਭੂਸ਼ਣ ਵਿਰੁੱਧ ਧਾਰਾ 354 ਯਾਨੀ ਕਿਸੇ ਮਹਿਲਾ 'ਤੇ ਉਸ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ 'ਤੇ ਹਮਲਾ ਜਾਂ ਅਪਰਾਧਿਕ ਤਾਕਤ ਦਾ ਇਸਤੇਮਾਲ ਕਰਨਾ। ਧਾਰਾ 354-ਏ ਯਾਨੀ ਜਿਨਸੀ ਸ਼ੋਸ਼ਣ ਅਤੇ ਧਾਰਾ 506 ਯਾਨੀ ਅਪਰਾਧਿਕ ਧਮਕੀ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ।
ਦਿੱਲੀ ਪੁਲਿਸ ਨੇ 15 ਜੂਨ 2023 ਨੂੰ ਇਸ ਮਾਮਲੇ ਵਿੱਚ ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ਖ਼ਿਲਾਫ਼ ਧਾਰਾ 354, 354-ਏ, 354-ਡੀ ਅਤੇ 506 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਮੁੱਦੇ 'ਤੇ ਪਹਿਲੀ ਵਾਰ 18 ਜਨਵਰੀ 2023 ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਸਮੇਤ 30 ਤੋਂ ਵੱਧ ਪਹਿਲਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ।
ਦਿੱਲੀ ਪੁਲਿਸ ਨੇ ਅਦਾਲਤ ਦੇ ਹੁਕਮਾਂ 'ਤੇ ਦਰਜ ਕੀਤੀ ਸੀ ਐਫਆਈਆਰ
ਖੇਡ ਮੰਤਰਾਲੇ ਦੇ ਦਖਲ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਜਾਂਚ ਕਮੇਟੀ ਵੀ ਬਣਾਈ ਗਈ ਸੀ। ਹਾਲਾਂਕਿ, ਅਪ੍ਰੈਲ 2023 ਵਿੱਚ ਪਹਿਲਵਾਨਾਂ ਵੱਲੋਂ ਫਿਰ ਵਿਰੋਧ ਸ਼ੁਰੂ ਕਰਨ ਤੋਂ ਬਾਅਦ ਮਾਮਲਾ ਤੇਜ਼ ਹੋ ਗਿਆ ਸੀ। ਪਹਿਲਵਾਨ ਮਾਮਲੇ 'ਚ ਐਫਆਈਆਰ ਦਰਜ ਕਰਵਾਉਣ ਲਈ ਅਦਾਲਤ ਪਹੁੰਚ ਗਏ ਸੀ। ਦਿੱਲੀ ਪੁਲਿਸ ਨੇ ਅਦਾਲਤ ਦੇ ਹੁਕਮਾਂ 'ਤੇ ਹੀ ਐਫਆਈਆਰ ਦਰਜ ਕੀਤੀ ਸੀ।