
ਬੱਸ 'ਚ ਸਵਾਰ ਯਾਤਰੀ ਵੀ ਰਾਹੁਲ ਗਾਂਧੀ ਨੂੰ ਆਪਣੇ ਵਿਚਕਾਰ ਦੇਖ ਕੇ ਹੈਰਾਨ ਰਹਿ ਗਏ
Hyderabad : ਲੋਕ ਸਭਾ ਚੋਣ ਦੇ ਪ੍ਰਚਾਰ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਰਾਤ ਤੇਲੰਗਾਨਾ ਦੇ ਗ੍ਰੇਟਰ ਹੈਦਰਾਬਾਦ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਟੇਟ ਰੋਡਵੇਜ਼ ਦੀ ਬੱਸ ਵਿੱਚ ਸਫ਼ਰ ਕੀਤਾ ਅਤੇ ਉਸ ਵਿੱਚ ਸਫ਼ਰ ਕਰ ਰਹੇ ਯਾਤਰੀਆਂ ਨਾਲ ਗੱਲਬਾਤ ਕੀਤੀ। ਬੱਸ 'ਚ ਸਵਾਰ ਯਾਤਰੀ ਵੀ ਰਾਹੁਲ ਗਾਂਧੀ ਨੂੰ ਆਪਣੇ ਵਿਚਕਾਰ ਦੇਖ ਕੇ ਹੈਰਾਨ ਰਹਿ ਗਏ।
ਬੱਸ ਵਿੱਚ ਰਾਹੁਲ ਦੇ ਨਾਲ ਰਾਜ ਦੇ ਮੁੱਖ ਮੰਤਰੀ ਏ ਰੇਵੰਤ ਰੈਡੀ ਵੀ ਸਵਾਰ ਸਨ। ਮਲਕਾਜਗਿਰੀ ਲੋਕ ਸਭਾ ਹਲਕੇ ਦੇ ਸਰੂਰਨਗਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਰਾਹੁਲ ਤੇਲੰਗਾਨਾ ਰਾਜ ਸੜਕ ਆਵਾਜਾਈ ਨਿਗਮ (ਟੀਐਸਆਰਟੀਸੀ) ਦੀ ਬੱਸ ਵਿੱਚ ਸਵਾਰ ਹੋਏ। ਇਸ ਦੌਰਾਨ ਰਾਹੁਲ ਗਾਂਧੀ ਨੇ ਯਾਤਰੀਆਂ ਵਿੱਚ ‘ਪੰਜ ਨਿਆਂ’ ਵਾਲੇ ਪਰਚੇ ਵੰਡੇ ਅਤੇ ਸੂਬੇ ਵਿੱਚ ਕਾਂਗਰਸ ਸਰਕਾਰ ਵੱਲੋਂ ਮੁਫਤ ਬੱਸ ਯਾਤਰਾ ਸਕੀਮ ਨੂੰ ਲਾਗੂ ਕਰਨ ਸਬੰਧੀ ਲੋਕਾਂ ਤੋਂ ਜਾਣਕਾਰੀ ਲਈ।
ਰਾਹੁਲ ਗਾਂਧੀ ਨੇ ਯਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਕਾਂਗਰਸ ਦੁਆਰਾ ਆਪਣੇ ਰਾਸ਼ਟਰੀ ਚੋਣ ਮਨੋਰਥ ਪੱਤਰ ਵਿੱਚ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਵਰਗੇ ਵੱਖ-ਵੱਖ ਵਰਗਾਂ ਲਈ ਕੀਤੇ ਵਾਅਦਿਆਂ ਤੋਂ ਜਾਣੂ ਕਰਵਾਇਆ। ਰਾਹੁਲ ਗਾਂਧੀ ਨੂੰ ਆਪਣੇ ਨਾਲ ਸਫਰ ਕਰਦੇ ਦੇਖ ਯਾਤਰੀ ਹੈਰਾਨ ਰਹਿ ਗਏ ਅਤੇ ਕਈਆਂ ਨੇ ਉਨ੍ਹਾਂ ਨਾਲ ਸੈਲਫੀ ਵੀ ਲਈਆਂ।
13 ਮਈ ਨੂੰ ਪੈਣੀਆਂ ਹਨ ਵੋਟਾਂ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਕ ਜਨਸਭਾ 'ਚ ਆਪਣੇ ਭਾਸ਼ਣ 'ਚ ਇਕ ਵਾਰ ਫਿਰ ਭਾਜਪਾ 'ਤੇ ਸੰਵਿਧਾਨ ਨੂੰ ਤੋੜਨ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਅਤੇ ਇਸ ਦੀ ਰੱਖਿਆ ਕਰਨ ਦੀ ਸਹੁੰ ਖਾਧੀ। ਦੱਸ ਦਈਏ ਕਿ ਚੌਥੇ ਪੜਾਅ ਤਹਿਤ ਤੇਲੰਗਾਨਾ ਦੀਆਂ ਸਾਰੀਆਂ 17 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ।