
ਖੜਗੇ ਦੇ ਚਿੱਠੀ ’ਤੇ ਚੋਣ ਕਮਿਸ਼ਨ ਦਾ ਜਵਾਬ ਅਫਸੋਸਜਨਕ: ਕਾਂਗਰਸ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਚੋਣ ਅੰਕੜਿਆਂ ’ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲਿਖੀ ਚਿੱਠੀ ’ਤੇ ਸ਼ੁਕਰਵਾਰ ਨੂੰ ਸਖ਼ਤ ਇਤਰਾਜ਼ ਜਤਾਇਆ ਅਤੇ ਇਸ ਨੂੰ ਸਪੱਸ਼ਟੀਕਰਨ ਮੰਗਣ ਦੀ ਆੜ ’ਚ ਪੱਖਪਾਤੀ ਬਿਰਤਾਂਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਰ ਦਿਤਾ।
ਚੋਣ ਕਮਿਸ਼ਨ ਨੇ ਪੰਜ ਪੰਨਿਆਂ ਦੇ ਜਵਾਬ ’ਚ ਕੁਪ੍ਰਬੰਧਨ ਅਤੇ ਪੋਲਿੰਗ ਅੰਕੜੇ ਜਾਰੀ ਕਰਨ ’ਚ ਦੇਰੀ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ ਅਤੇ ਖੜਗੇ ਦੇ ਦੋਸ਼ਾਂ ਨੂੰ ‘ਅਣਉਚਿਤ’, ‘ਬੇਬੁਨਿਆਦ’ ਅਤੇ ‘ਭੰਬਲਭੂਸਾ ਫੈਲਾਉਣ ਦੀ ਪੱਖਪਾਤੀ ਅਤੇ ਜਾਣਬੁਝ ਕੇ ਕੀਤੀ ਗਈ ਕੋਸ਼ਿਸ਼’ ਕਰਾਰ ਦਿਤਾ।
ਕਮਿਸ਼ਨ ਨੇ ਖੜਗੇ ਦੇ ਬਿਆਨ ਦੀ ਨਿੰਦਾ ਕੀਤੀ, ਜਿਸ ਵਿਚ ਉਨ੍ਹਾਂ ਨੇ ਹੈਰਾਨੀ ਜ਼ਾਹਰ ਕੀਤੀ ਸੀ ਕਿ ‘ਕੀ ਵੋਟਿੰਗ ਫ਼ੀ ਸਦੀ ਅੰਕੜੇ ਜਾਰੀ ਕਰਨ ਵਿਚ ਦੇਰੀ ਅੰਤਿਮ ਨਤੀਜਿਆਂ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਹੈ।’
ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਖੜਗੇ ਦੀ ਚਿੱਠੀ ਨੂੰ ਬਹੁਤ ਹੀ ਅਣਉਚਿਤ ਅਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਭੰਬਲਭੂਸਾ, ਗਲਤ ਦਿਸ਼ਾ ਅਤੇ ਰੁਕਾਵਟ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ।
ਕਮਿਸ਼ਨ ਨੇ ਕਿਹਾ, ‘‘ਜਦੋਂ ਤੁਸੀਂ ਪੁਛਿਆ ਕਿ ਕੀ ਇਹ ਅੰਤਿਮ ਨਤੀਜਿਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਤਾਂ ਪੋਸਟ ਦੀ ਸਮੱਗਰੀ ਸੰਕੇਤਾਂ ਅਤੇ ਇਤਰਾਜ਼ਾਂ ਰਾਹੀਂ ਚੋਣ ਪ੍ਰਬੰਧਨ ਦੀ ਸੰਵੇਦਨਸ਼ੀਲਤਾ ਦੇ ਸੰਬੰਧ ਵਿਚ ਅਸੰਤੁਸ਼ਟੀ ਪੈਦਾ ਕਰਦੀ ਹੈ। ਇਹ ਵੋਟਰਾਂ ਅਤੇ ਸਿਆਸੀ ਪਾਰਟੀਆਂ ਦੇ ਮਨਾਂ ’ਚ ਸ਼ੱਕ ਅਤੇ ਸੰਭਾਵਤ ਤੌਰ ’ਤੇ ਅਰਾਜਕ ਸਥਿਤੀ ਪੈਦਾ ਕਰ ਸਕਦਾ ਹੈ।’’
ਦੂਜੇ ਪਾਸੇ ਕਾਂਗਰਸ ਨੇ ਵੋਟਿੰਗ ਫ਼ੀ ਸਦੀ ਅੰਕੜੇ ਸਾਂਝਾ ਕਰਨ ’ਚ ਦੇਰੀ ਨੂੰ ਲੈ ਕੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲਿਖੀ ਚਿੱਠੀ ’ਚ ਉਠਾਏ ਮੁੱਦਿਆਂ ਨੂੰ ਹੱਲ ਕਰਨ ਲਈ ਚੋਣ ਕਮਿਸ਼ਨ ਦੇ ਰਵੱਈਏ ਨੂੰ ਅਫਸੋਸਜਨਕ ਕਰਾਰ ਦਿਤਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਕਾਂਗਰਸ ਪ੍ਰਧਾਨ ਨੇ ‘ਪੂਰੀ ਤਰ੍ਹਾਂ ਜਾਇਜ਼’ ਮੁੱਦੇ ਉਠਾਏ ਹਨ, ਜਿਨ੍ਹਾਂ ’ਤੇ ਵਿਆਪਕ ਚਿੰਤਾਵਾਂ ਅਤੇ ਟਿਪਣੀਆਂ ਮਿਲੀਆਂ ਹਨ।
ਕਾਂਗਰਸ ਦੇ ਸੰਚਾਰ ਵਿਭਾਗ ਦੇ ਇੰਚਾਰਜ ਰਮੇਸ਼ ਨੇ ਕਿਹਾ, ‘‘ਇਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਲਈ ਚੋਣ ਕਮਿਸ਼ਨ ਦੀ ਪਹੁੰਚ ਬਹੁਤ ਅਫਸੋਸਜਨਕ ਹੈ।’’ ਰਮੇਸ਼ ਨੇ ਕਿਹਾ ਕਿ ਖੜਗੇ ਨੂੰ ਕਮਿਸ਼ਨ ਦਾ ਜਵਾਬ ‘ਬਿਲਕੁਲ ਵਰਣਨ ਤੋਂ ਪਰੇ’ ਸੀ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ, ਜਿਸ ਨੂੰ ਨਿਰਪੱਖ ਸੰਸਥਾ ਹੋਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਸਿਆਸੀ ਪਾਰਟੀਆਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਏਗਾ।’’
ਰਮੇਸ਼ ਨੇ ਕਿਹਾ, ‘‘ਚਿੱਠੀ ਦੀ ਸਮੱਗਰੀ ਅਤੇ ਇਰਾਦਾ ਦੋਵੇਂ ਉਸ ਸੰਸਥਾ ਦੀ ਸਾਖ ’ਤੇ ਸਥਾਈ ਧੱਬਾ ਹੋਣਗੇ ਜੋ ਸੁਕੁਮਾਰ ਸੇਨ, ਟੀ ਐਨ ਸ਼ੇਸ਼ਨ, ਜੇ ਐਮ ਲਿੰਗਦੋਹ ਅਤੇ ਹੋਰਾਂ ’ਤੇ ਮਾਣ ਕਰ ਸਕਦੀ ਹੈ।’’
ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਵੀ ਕਿਹਾ ਕਿ ਚੋਣ ਕਮਿਸ਼ਨ ਆਲੋਚਨਾ ਤੋਂ ਪਰੇ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ), ਕੈਗ (ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ), ਵਿੱਤ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ, ਤਾਂ ਚੋਣ ਕਮਿਸ਼ਨ ਕਿਉਂ ਸੋਚਦਾ ਹੈ ਕਿ ਇਸ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ?