
ਬੰਦੂਕਧਾਰੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ
ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਸ਼ੱਕੀ ਅਤਿਵਾਦੀਆਂ ਨੇ ਸੋਮਵਾਰ ਨੂੰ ਉਨ੍ਹਾਂ ਦੇ ਸੁਰੱਖਿਆ ਕਾਫਲੇ ’ਤੇ ਘਾਤ ਲਗਾ ਕੇ ਹਮਲਾ ਕਰ ਦਿਤਾ, ਜਿਸ ’ਚ ਇਕ ਜਵਾਨ ਜ਼ਖਮੀ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਕਾਫਲਾ ਹਿੰਸਾ ਪ੍ਰਭਾਵਤ ਜਿਰੀਬਾਮ ਜ਼ਿਲ੍ਹੇ ਵਲ ਜਾ ਰਿਹਾ ਸੀ, ਜਦੋਂ ਕੌਮੀ ਰਾਜਮਾਰਗ 53 ’ਤੇ ਕੋਟਲੇਨ ਪਿੰਡ ਨੇੜੇ ਸਵੇਰੇ ਕਰੀਬ 10:30 ਵਜੇ ਇਸ ’ਤੇ ਹਮਲਾ ਕੀਤਾ ਗਿਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਦੇ ਗੱਡੀਆਂ ’ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ। ਅਧਿਕਾਰੀ ਨੇ ਦਸਿਆ ਕਿ ਕਾਫਲੇ ਦੀ ਇਕ ਗੱਡੀ ਦੇ ਡਰਾਈਵਰ ਦੇ ਸੱਜੇ ਮੋਢੇ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਇੰਫਾਲ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਸੁਰੱਖਿਆ ਬਲ ਰਾਜ ਦੀ ਰਾਜਧਾਨੀ ਤੋਂ ਕਰੀਬ 36 ਕਿਲੋਮੀਟਰ ਦੂਰ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ ਅਤੇ ਬੰਦੂਕਧਾਰੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।’’
ਇਕ ਅਧਿਕਾਰੀ ਨੇ ਕਿਹਾ, ‘‘ਮੁੱਖ ਮੰਤਰੀ ਬੀਰੇਨ ਸਿੰਘ ਅਜੇ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ ਹਨ। ਉਹ ਜ਼ਿਲ੍ਹੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।’’ ਸ਼ੱਕੀ ਅਤਿਵਾਦੀਆਂ ਨੇ ਸਨਿਚਰਵਾਰ ਨੂੰ ਜਿਰੀਬਾਮ ’ਚ ਦੋ ਪੁਲਿਸ ਚੌਕੀਆਂ, ਜੰਗਲਾਤ ਵਿਭਾਗ ਦੇ ਇਕ ਦਫਤਰ ਅਤੇ ਕਰੀਬ 70 ਘਰਾਂ ਨੂੰ ਅੱਗ ਲਾ ਦਿਤੀ ਸੀ।