
ਸਚਿਨ ਬਿਸ਼ਨੋਈ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਿਆ ਸੀ। ਫ਼ਿਲਹਾਲ ਉਸ ਦੇ ਦੁਬਈ ਵਿਚ ਹੋਣ ਦੀ ਖ਼ਬਰ ਹੈ।
ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ‘ਸਾਜ਼ਿਸ਼ਕਰਤਾ’ ਘਟਨਾ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਗਿਆ ਸੀ। ਫ਼ਿਲਹਾਲ ਉਸ ਦੇ ਦੁਬਈ ਵਿਚ ਹੋਣ ਦੀ ਖ਼ਬਰ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਸਚਿਨ ਬਿਸ਼ਨੋਈ ਸਾਜ਼ਿਸ਼ਕਾਰਾਂ ਵਿਚੋਂ ਇਕ ਹੈ। ਉਸ ਨੇ ਦੱਸਿਆ ਕਿ ਸਚਿਨ ਅਤੇ ਬਰਾੜ ਨੇ ਪੰਜਾਬੀ ਗਾਇਕ ਨੂੰ ਮਾਰਨ ਦੀ ਪੂਰੀ ਯੋਜਨਾ ਬਣਾਈ ਸੀ। ਅਧਿਕਾਰੀ ਨੇ ਦੱਸਿਆ ਕਿ ਸਚਿਨ ਅਪ੍ਰੈਲ 'ਚ ਹੀ ਦੇਸ਼ ਛੱਡ ਗਿਆ ਸੀ। ਮੂਸੇਵਾਲਾ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਮੂਸੇਵਾਲਾ ਦੇ ਕਤਲ ਦੇ ਸਬੰਧ ਵਿਚ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਨੇ ਮੂਸੇਵਾਲਾ ਨੂੰ ਨਜ਼ਦੀਕ ਤੋਂ ਗੋਲੀ ਮਾਰੀ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇੰਟਰਪੋਲ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।